ਭੇਤਭਰੀ ਹਾਲਤ ''ਚ ਨੌਜਵਾਨ ਦੀ ਮੌਤ

06/26/2017 3:44:13 AM

ਬਟਾਲਾ,   (ਬੇਰੀ, ਅਸ਼ਵਨੀ)- ਪਿੰਡ ਖੁਜਾਲਾ ਵਿਖੇ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਥਾਣਾ ਘੁਮਾਣ ਦੇ ਏ. ਐੱਸ. ਆਈ. ਸਰਦੂਲ ਸਿੰਘ ਅਤੇ ਏ. ਐੱਸ. ਆਈ. ਦਲਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਗਦੀਪ ਸਿੰਘ ਦੇ ਪਿਤਾ ਮੱਸਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਖੁਜਾਲਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਹੈ ਕਿ ਮੇਰਾ ਲੜਕਾ ਜਗਦੀਪ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਬੀਤੀ ਦੇਰ ਸ਼ਾਮ ਘਰ ਖੇਤਾਂ 'ਚੋਂ ਵਾਪਸ ਆਇਆ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌਂ ਗਿਆ। ਮੱਸਾ ਸਿੰਘ ਮੁਤਾਬਕ ਰਾਤ ਨੂੰ ਜਗਦੀਪ ਸਿੰਘ ਦੀ ਸਿਹਤ ਵਿਗੜ ਗਈ ਤੇ ਅਸੀਂ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਸਾਡੇ ਲੜਕੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਉਕਤ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੱਸਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਘੁਮਾਣ ਵਿਖੇ 174 ਸੀ. ਆਰ. ਪੀ. ਸੀ. ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤੀ ਹੈ।