ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

08/22/2018 5:28:05 AM

  ਕਪੂਰਥਲਾ,     (ਭੂਸ਼ਣ)-  ਮੰਗਲਵਾਰ ਦੀ ਸ਼ਾਮ ਨਜ਼ਦੀਕੀ ਪਿੰਡ ਨਵਾਂ ਪਿੰਡ ਭੱਠਾ ’ਚ ਉਸ ਸਮੇਂ ਭਾਰੀ ਰੋਸ ਫੈਲ ਗਿਆ, ਜਦੋਂ ਇਕ ਘਰ ’ਚ ਮਜ਼ਦੂਰੀ ਕਰ ਰਹੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ।  ਇਸ ਦੌਰਾਨ ਮੌਕੇ ’ਤੇ ਮੌਜੂਦ ਮ੍ਰਿਤਕ  ਦੇ ਰਿਸ਼ਤੇਦਾਰਾਂ ਨੇ ਜਿਥੇ ਕੁਝ ਲੋਕਾਂ ’ਤੇ ਮ੍ਰਿਤਕ ਨੌਜਵਾਨ ਨੂੰ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ  ਦੇ ਇਲਜ਼ਾਮ ਲਾਏ,  ਉਥੇ ਹੀ ਪੁਲਸ ਕਾਰਵਾਈ ਦੀ ਮੰਗ ਕੀਤੀ।  
ਜਾਣਕਾਰੀ  ਅਨੁਸਾਰ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਨਵਾਂ ਪਿੰਡ ਭੱਠਾ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ  ਵਿਚ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਉਹ ਥਾਣਾ ਕੋਤਵਾਲੀ  ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ  ਮੌਕੇ ’ਤੇ ਪੁੱਜੇ  ਤਾਂ ਮ੍ਰਿਤਕ ਨੌਜਵਾਨ ਦੀ ਪਛਾਣ ਸਤਨਾਮ ਸਿੰਘ  ਉਰਫ ਸੱਤਾ ਪੁੱਤਰ ਨਿਰਮਲ ਸਿੰਘ   ਦੇ ਵਜੋਂ ਹੋਈ। ਜਾਂਚ  ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਬੀਤੇ ਕਈ ਦਿਨਾਂ ਤੋਂ ਪਿੰਡ ਵਿਚ ਨਵੀਂ ਬਣ ਰਹੀ ਕੋਠੀ ’ਚ ਮਜ਼ਦੂਰੀ ਕਰ ਰਿਹਾ ਸੀ ਅਤੇ ਉਸ ਦੀ ਮੰਗਲਵਾਰ ਦੁਪਹਿਰ ਤੋਂ ਹੀ ਤਬੀਅਤ ਖ਼ਰਾਬ ਸੀ।  ਇਕਦਮ ਸ਼ਾਮ ਨੂੰ ਤਬੀਅਤ ਵਿਗਡ਼ਨ ਕਾਰਨ ਉਸ ਨੂੰ ਜਦੋਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਤਾਂ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ,  ਜਿਸ ਤੋਂ ਭਡ਼ਕੇ ਮ੍ਰਿਤਕ ਨੌਜਵਾਨ  ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਾਇਆ ਕਿ ਕੁਝ ਲੋਕਾਂ ਨੇ ਜਾਣਬੁੱਝ ਕੇ ਸਤਨਾਮ ਸਿੰਘ  ਉਰਫ ਸੱਤਾ ਨੂੰ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰ ਦਿੱਤਾ ਹੈ।  ਫਿਲਹਾਲ ਥਾਣਾ ਕੋਤਵਾਲੀ ਦੀ ਪੁਲਸ ਆਖਰੀ ਸਮਾਚਾਰ ਮਿਲਣ ਤੱਕ ਮ੍ਰਿਤਕ  ਦੇ ਰਿਸ਼ਤੇਦਾਰਾਂ ਦੇ ਬਿਆਨ ਲਿਖ ਰਹੀ ਸੀ।  ਉਥੇ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਗਿਆ ਹੈ।