ਨੌਜਵਾਨ ਜੋੜੀ ਹਜ਼ਾਰਾਂ ਲੋਕਾਂ ਨੂੰ ਲਾਮਬੰਦ ਕਰੇਗੀ ''ਦਿ ਗ੍ਰੇਟ ਰਨ ਆਫ ਪੰਜਾਬ'' ਲਈ

11/13/2019 9:47:29 AM

ਚੰਡੀਗੜ੍ਹ (ਭੁੱਲਰ)—ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ ਮਹਿਕ ਕਪੂਰ ਅਤੇ ਬਲਵਿੰਦਰ ਸਿੰਘ ਦੀ ਨੌਜਵਾਨ ਜੋੜੀ 'ਦਿ ਗ੍ਰੇਟ ਰਨ ਆਫ਼ ਪੰਜਾਬ' ਲਈ ਹਜ਼ਾਰਾਂ ਲੋਕਾਂ ਨੂੰ ਲਾਮਬੰਦ ਕਰ ਕੇ ਨਾਲ ਤੋਰੇਗੀ। ਇਹ ਦੌੜ 24 ਨਵੰਬਰ ਤੋਂ ਸ਼ੁਰੂ ਹੋ ਕੇ 26 ਨਵੰਬਰ ਤੱਕ ਲਗਾਤਾਰ 3 ਦਿਨ ਚੱਲਣੀ ਹੈ। ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਪੰਜਾਬ ਦੇ 14 ਪਿੰਡਾਂ ਤੇ 5 ਸ਼ਹਿਰਾਂ ਵਿਚੋਂ ਹੁੰਦੇ ਹੋਏ ਇਸ ਦੌੜ 'ਚ ਸ਼ਾਮਲ ਲੋਕ 200 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਵਿੱਤਰ ਨਗਰੀ ਅੰਮ੍ਰਿਤਸਰ ਪਹੁੰਚਣਗੇ। ਇਸ ਦੌੜ ਦੀ ਮੁੱਖ ਆਯੋਜਕ ਮਹਿਕ ਕਪੂਰ ਅਤੇ ਇਸ ਦੇ ਸਹਿਯੋਗੀ ਬਲਵਿੰਦਰ ਸਿੰਘ ਨੇ ਅੱਜ ਚੰਡੀਗੜ੍ਹ 'ਚ ਇਸ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਸਰਕਾਰ ਤੋਂ ਸੇਵਾਮੁਕਤ ਸਕੱਤਰੇਤ ਅਧਿਕਾਰੀ ਅਤੇ ਇਸ ਸਮੇਂ ਕੈਨੇਡਾ 'ਚ ਰਹਿੰਦੇ ਅਮਰ ਸਿੰਘ ਚੌਹਾਨ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਦਿ ਗ੍ਰੇਟ ਰਨ ਆਫ਼ ਪੰਜਾਬ ਦੀ ਸ਼ੁਰੂਆਤ ਮਹਿਕ ਤੇ ਬਲਵਿੰਦਰ ਵਲੋਂ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਦੌੜ ਦੂਜੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ। 70 ਸਾਲ ਤੋਂ ਵੱਧ ਉਮਰ ਦੇ ਚੌਹਾਨ ਪਿਛਲੇ ਸਾਲ ਵੀ ਇਸ ਦੌੜ 'ਚ ਸ਼ਾਮਲ ਹੋਏ ਤੇ 90 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਇਸ ਵਾਰ ਵੀ ਉਹ ਪੂਰੇ ਉਤਸ਼ਾਹ ਨਾਲ ਮੁੜ ਇਸ ਦੌੜ 'ਚ ਸ਼ਾਮਲ ਹੋ ਰਹੇ ਹਨ। ਵੱਡੀ ਉਮਰ ਦੇ ਮੁਕਾਬਲੇ 'ਚ ਉਹ ਵੱਖ-ਵੱਖ ਮੈਰਾਥਨ ਈਵੈਂਟਸ 'ਚ ਹਿੱਸਾ ਲੈ ਕੇ 17 ਮੈਡਲ ਜਿੱਤ ਚੁੱਕੇ ਹਨ।

ਦਿ ਗ੍ਰੇਟ ਰਨ ਆਫ਼ ਪੰਜਾਬ ਬਾਰੇ ਮਹਿਕ ਕਪੂਰ ਨੇ ਦੱਸਿਆ ਕਿ ਪਿਛਲੀ ਵਾਰ ਇਸ ਦੌੜ ਦਾ ਮੁੱਖ ਥੀਮ ਕੈਂਸਰ ਪ੍ਰਤੀ ਜਾਗਰੂਕਤਾ ਸੀ, ਜਦਕਿ ਇਸ ਵਾਰ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਮੁੱਖ ਥੀਮ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਦੌੜ ਦਾ ਮੁੱਖ ਮਕਸਦ ਲੋਕਾਂ ਨੂੰ ਫਿਟ ਰਹਿਣ ਲਈ ਪ੍ਰੇਰਿਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੋਈ ਦੌੜ ਦੌਰਾਨ ਵੀ ਉਨ੍ਹਾਂ ਨੂੰ ਪੰਜਾਬ ਭਰ 'ਚ ਪੇਂਡੂ ਇਲਾਕਿਆਂ 'ਚ ਲੋਕਾਂ ਦਾ ਭਰਵਾਂ ਸਹਿਯੋਗ ਮਿਲਿਆ। ਮਹਿਕ ਦੇ ਸਹਿਯੋਗੀ ਬਲਵਿੰਦਰ ਨੇ ਕਿਹਾ ਕਿ ਪੰਜਾਬ 'ਚ ਭਾਵੇਂ ਮੁਗਲ ਰਾਜ ਰਿਹਾ, ਬ੍ਰਿਟਿਸ਼ ਆਏ ਪਰ ਪੰਜਾਬ ਹਮੇਸ਼ਾ ਮਹਾਨ ਹੀ ਰਿਹਾ ਹੈ। ਪੰਜਾਬ ਦੀ ਇਸੇ ਮਹਾਨਤਾ ਤੋਂ ਪ੍ਰੇਰਿਤ ਹੋ ਕੇ ਹੀ ਇਹ ਗ੍ਰੇਟ ਰਨ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 12 ਘੰਟੇ ਦੀ ਦੌੜ ਹੋਵੇਗੀ। ਇਸ ਦੌੜ ਲਈ 1 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਭਾਵੇਂ ਕੁੱਲ ਫਾਸਲਾ 200 ਕਿਲੋਮੀਟਰ ਤੈਅ ਕੀਤਾ ਜਾਣਾ ਹੈ ਪਰ 50 ਕਿਲੋਮੀਟਰ, 21 ਕਿਲੋਮੀਟਰ, 10 ਕਿਲੋਮੀਟਰ ਤੇ 3 ਕਿਲੋਮੀਟਰ ਦੇ ਵੱਖ-ਵੱਖ ਪੜਾਅ ਹਨ, ਜਿਨ੍ਹਾਂ 'ਚ ਲੋਕ ਸ਼ਾਮਲ ਹੁੰਦੇ ਰਹਿਣਗੇ।

Shyna

This news is Content Editor Shyna