ਨੌਜਵਾਨ ਦੇ ਕਤਲ ਨਾਲ ਉੱਗੀ ਮਾਛੀਵਾੜਾ ''ਚ ਨਵੇਂ ਸਾਲ ਦੀ ਪਹਿਲੀ ਸਵੇਰ

01/01/2019 7:10:07 PM

ਮਾਛੀਵਾੜਾ ਸਾਹਿਬ (ਟੱਕਰ) : ਨਵੇਂ ਵਰ੍ਹੇ ਦੀ ਚੜ੍ਹਦੀ ਸਵੇਰ ਦੇ ਨਾਲ ਹੀ ਮਾਛੀਵਾੜਾ ਇਲਾਕੇ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਸਿਕੰਦਰਪੁਰ ਦੇ ਇਕ ਕਿਸਾਨ ਗਮਦੂਰ ਸਿੰਘ ਦੇ ਨੌਕਰ ਜਸਵੀਰ ਸਿੰਘ ਬੱਬੂ (35) ਖੇਤਾਂ ਵਿਚ ਕਤਲ ਕਰ ਦਿੱਤਾ ਗਿਆ। ਜਸਵੀਰ ਬੱਬੂ ਦੀ ਲਾਸ਼ ਖੇਤਾਂ 'ਚ ਬਣੇ ਪਾਣੀ ਦੇ ਚੁਬੱਚੇ 'ਚ ਪਈ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਕੰਦਰਪੁਰ ਦੇ ਕਿਸਾਨ ਗਮਦੂਰ ਸਿੰਘ ਕੋਲ ਇਸ ਪਿੰਡ ਦਾ ਹੀ ਨਿਵਾਸੀ ਜਸਵੀਰ ਸਿੰਘ ਨੌਕਰੀ ਕਰਦਾ ਸੀ ਅਤੇ ਉਸਦੇ ਖੇਤਾਂ 'ਚ ਫਸਲ ਦੀ ਸਾਂਭ-ਸੰਭਾਲ ਕਰਦਾ ਸੀ। ਮੰਗਲਵਾਰ ਸਵੇਰੇ ਲੋਕਾਂ ਨੇ ਉਸਦਾ ਮੋਟਰਸਾਈਕਲ ਸੜਕ ਕਿਨਾਰੇ ਟੁੱਟੀ ਹਾਲਤ 'ਚ ਦੇਖਿਆ ਅਤੇ ਨਾਲ ਹੀ ਬਣੇ ਚੁਬੱਚੇ ਦੇ ਪਾਣੀ ਵਿਚ ਉਸਦੀ ਲਾਸ਼ ਪਈ ਦੇਖੀ ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਡੀ.ਐਸ.ਪੀ ਸਮਰਾਲਾ ਹਰਸਿਮਰਤ ਸਿੰਘ ਛੇਤਰਾ ਅਤੇ ਥਾਣਾ ਮੁਖੀ ਸੁਖਨਾਜ ਸਿੰਘ ਮੌਕੇ 'ਤੇ ਪਹੁੰਚ ਗਏ। ਜਾਂਚ ਦੌਰਾਨ ਖੂਨ ਦੇ ਕੁੱਝ ਧੱਬੇ ਚੁਬੱਚੇ ਦੇ ਬਾਹਰ ਮਿਲੇ ਅਤੇ ਮ੍ਰਿਤਕ ਜਸਵੀਰ ਸਿੰਘ ਦੇ ਸਿਰ 'ਤੇ ਸੱਟ ਦਾ ਨਿਸ਼ਾਨ ਵੀ ਸੀ। ਪੁਲਸ ਨੇ ਕਤਲ ਦਾ ਸ਼ੱਕ ਜ਼ਾਹਰ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। 


ਜਾਣਕਾਰੀ ਅਨੁਸਾਰ ਕੱਲ 31 ਦਸੰਬਰ ਸ਼ਾਮ ਨੂੰ ਮ੍ਰਿਤਕ ਜਸਵੀਰ ਸਿੰਘ ਬੱਬੂ ਸ਼ਰਾਬ ਦੇ ਨਸ਼ੇ ਵਿਚ ਪਿੰਡ ਦੇ ਕੁੱਝ ਵਿਅਕਤੀਆਂ ਨਾਲ ਵੀ ਮਿਲਿਆ ਅਤੇ ਉਸ ਤੋਂ ਬਾਅਦ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਪੁਲਸ ਅਧਿਕਾਰੀ ਜਾਂਚ ਵਿਚ ਜੁਟੇ ਹਨ। ਡੀ.ਐਸ.ਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਮਾਮਲਾ ਕਤਲ ਦਾ ਜਾਪਦਾ ਹੈ ਪਰ ਫਿਰ ਵੀ ਉਹ ਜਾਂਚ ਕਰ ਰਹੇ ਹਨ, ਸ਼ਾਮ ਤੱਕ ਸਥਿਤੀ ਸਪੱਸ਼ਟ ਹੋ ਜਾਵੇਗੀ। ਪੁਲਿਸ ਵਲੋਂ ਮ੍ਰਿਤਕ ਜਸਵੀਰ ਸਿੰਘ ਨਾਲ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ, ਉਸਦੇ ਭਰਾਵਾਂ ਅਤੇ ਹੋਰ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh