ਹਲਕਾਏ ਕੁੱਤੇ ਦੇ ਵੱਢਣ ਕਾਰਣ ਨੌਜਵਾਨ ਦੀ ਮੌਤ

07/19/2019 4:46:22 PM

ਨੂਰਪੁਰ ਬੇਦੀ (ਤਰਨਜੀਤ) : ਬੀਤੇ ਦਿਨੀਂ ਪਿੰਡ ਖੱਡਰਾਜਗਿਰੀ ਦੇ ਨੌਜਵਾਨ ਤਾਰੀ (30) ਪੁੱਤਰ ਗੁਰਨੈਬ ਸਿੰਘ ਨੂੰ ਇਕ ਹਲਕਾਏ ਕੁੱਤੇ ਨੇ ਲੱਤ ਤੋਂ ਵੱਢ ਲਿਆ ਸੀ। ਜਿਸ ਕਾਰਣ ਪੀੜਤ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਪਰੋਕਤ ਨੌਜਵਾਨ ਮਹਾਰਾਸ਼ਟਰ ਵਿਖੇ ਮਿਹਨਤ-ਮਜ਼ਦੂਰੀ ਕਰਦਾ ਸੀ। ਪਿੰਡ 'ਚ ਹੀ ਕਿਸੇ ਆਵਾਰਾ ਕੁੱਤੇ ਨੇ ਉਸ ਵੱਢ ਲਿਆ ਸੀ ਜਿਸ ਕਾਰਣ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਤੇ 2 ਛੋਟੇ ਬੱਚੇ ਅਤੇ ਬਿਰਧ ਮਾਤਾ ਨੂੰ ਛੱਡ ਗਿਆ।

ਇਸ ਸਬੰਧੀ ਮੋਹਤਬਰ ਕੁਲਦੀਪ ਸਿੰਘ ਕੰਧੋਲਾ, ਡਾ. ਧਰਮਿੰਦਰ ਸਿੰਘ ਨੀਟਾ, ਸਰਪੰਚ ਗੁਰਚਰਨ ਗਰੇਵਾਲ, ਸਰਪੰਚ ਬੱਬੀ ਧਮਾਣਾ ਅਤੇ ਸਰਪੰਚ ਸੋਮ ਸਿੰਘ ਖੱਡਰਾਜਗਿਰੀ, ਜਰਨੈਲ ਸਿੰਘ ਕੀਮਾਵਾਸ, ਗੁਰਮੁੱਖ ਸਿੰਘ ਕੀਮਾਵਾਸ ਆਦਿ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਤੇ ਮ੍ਰਿਤਕ ਨੌਜਵਾਨ ਹੀ ਘਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਬ੍ਰਮੀ ਦੇਵੀ (65) ਜਿਸ ਦਾ ਪਤੀ ਕਾਫੀ ਅਰਸੇ ਪਹਿਲਾਂ ਸਵਰਗਵਾਸ ਹੋ ਗਿਆ ਸੀ ਤੇ ਅਜੇ ਤੱਕ ਉਸ ਨੂੰ ਬਿਰਧ ਜਾਂ ਬੁਢਾਪਾ ਪੈਨਸ਼ਨ ਵੀ ਪ੍ਰਸ਼ਾਸਨ ਵੱਲੋਂ ਨਹੀਂ ਲਾਈ ਗਈ। ਜਿਸ ਕਾਰਣ ਉਕਤ ਪਰਿਵਾਰ ਨੂੰ ਆਰਥਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਤਬਰ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬਿਰਧ ਮਾਤਾ ਨੂੰ ਸਰਕਾਰੀ ਪੈਨਸ਼ਨ ਲਾਈ ਜਾਵੇ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਪ੍ਰਸ਼ਾਸਨਿਕ ਆਰਥਿਕ ਸਹਾਇਤਾ ਤੇ ਵਿਧਵਾ ਪੈਨਸ਼ਨ ਤੇ ਬੱਚਿਆਂ ਨੂੰ ਆਸ਼ਰਿਤ ਪੈਨਸ਼ਨ ਦਾ ਪ੍ਰਬੰਧ ਕਰੇ।