4 ਨੌਜਵਾਨ ਪੁਲਸ ਕਾਂਸਟੇਬਲ ਦੀ ਸਵਿਫਟ ਗੱਡੀ ਖੋ ਕੇ ਫਰਾਰ

12/03/2019 4:49:36 PM

ਨਵਾਂਸ਼ਹਿਰ (ਤ੍ਰਿਪਾਠੀ) : ਸਕਾਰਪੀਓ ਸਵਾਰ 4 ਨੌਜਵਾਨਾਂ ਵਲੋਂ ਪੁਲਸ ਕਰਮਚਾਰੀ ਨੂੰ ਚਕਮਾ ਦੇ ਕੇ ਉਸਦੀ ਸਵਿਫਟ ਕਾਰ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬੰਗਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਸ਼ਾਦ ਮੁਹੰਮਦ (46) ਪੁੱਤਰ ਮੰਜੂਰ ਹੁਸੈਨ ਵਾਸੀ ਮੂਸਾਪੁਰ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਦਾ ਕਰਮਚਾਰੀ ਹੈ। ਸੋਮਵਾਰ ਨੂੰ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਚੰਡੀਗੜ੍ਹ ਤੋਂ ਆਪਣੇ ਪਿੰਡ ਮੂਸਾਪੁਰ ਆਪਣੀ ਸਵਿਫਟ ਕਾਰ 'ਚ ਆ ਰਿਹਾ ਸੀ। ਉਸਨੇ ਦੱਸਿਆ ਕਿ ਰਾਤ ਕਰੀਬ ਸਾਡੇ 8 ਵਜੇ ਬੰਗਾ ਰੋਡ 'ਤੇ ਕਾਹਮਾ ਦੇ ਨਜ਼ਦੀਕ ਅਤੇ ਪੈਟਰੋਲ ਪੰਪ ਦੇ ਸਾਹਮਣੇ ਉਸਨੇ ਆਪਣੀ ਸਵਿਫਟ ਕਾਰ ਨੂੰ ਬਾਥਰੂਮ ਜਾਣ ਲਈ ਰੋਕਿਆ। 

ਉਸਨੇ ਦੱਸਿਆ ਕਿ ਇਸ ਦੌਰਾਨ ਇਕ ਸਕਾਰਪੀਓ ਗੱਡੀ ਆਈ ਜਿਸ 'ਚ 4 ਅਣਪਛਾਤ ਨੌਜਵਾਨ ਬੈਠੇ ਹੋਏ ਸਨ ਜਿਨ੍ਹਾਂ 'ਚੋਂ 2 ਨੌਜਵਾਨ ਹੇਠਾਂ ਉਤਰੇ ਅਤੇ ਉਨ੍ਹਾਂ 'ਚੋਂ 1 ਨੇ ਉਸਨੂੰ ਧੱਕਾ ਦਿੱਤਾ ਅਤੇ ਦੂਸਰਾ ਉਸਦੀ ਸਵਿਫਟ ਗੱਡੀ 'ਚ ਬੈਠ ਗਿਆ ਅਤੇ ਆਪਣੇ ਸਾਥੀ ਸਣੇ ਉਸਦੀ ਸਵਿਫਟ ਬੰਗਾ ਵੱਲ ਭਜਾ ਕੇ ਲੈ ਗਏ। ਉਸਨੇ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਉਹ ਸਾਹਮਣੇ ਆਉਣ 'ਤੇ ਪਛਾਣ ਸਕਦਾ ਹੈ। ਉਸਨੇ ਦੱਸਿਆ ਕਿ ਉਸਦੀ ਗੱਡੀ 'ਚ ਉਸਦੀ ਆਈ.ਡੀ. ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਪਏ ਸਨ। ਉਸਨੇ ਦੱਸਿਆ ਕਿ ਉਸਨੇ ਇਸ ਸਬੰਧੀ ਤੁਰੰਤ ਪੁਲਸ ਨੂੰ ਕੰਟਰੋਲ ਰੂਮ 'ਤੇ ਵੀ ਸੂਚਨਾ ਦਿੱਤੀ। ਪੁਲਸ ਨੇ ਉਕਤ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅੱਗਲੇਰੀ ਦਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh