ਸ਼ੱਕੀ ਹਾਲਤ ’ਚ ਨੌਜਵਾਨ ਲਾਪਤਾ, ਪੱਛਗਿਛ ’ਚ ਦੋਸਤਾਂ ਦਾ ਖੁਲਾਸਾ, ਨਹਿਰ ’ਚ ਡੁੱਬਿਆ ਗੁਰਿੰਦਰਜੀਤ

06/13/2022 1:50:06 PM

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਨਜ਼ਦੀਕੀ ਪਿੰਡ ਝੱਲੀਆਂ ਕਲਾਂ ਦੇ ਇਕ ਨੌਜਵਾਨ ਦੇ ਇਕ ਹਫਤਾ ਪਹਿਲਾਂ ਲਾਪਤਾ ਹੋਣ ਦੀ ਸੂਚਨਾ ਉਸ ਦੇ ਪਿਤਾ ਨੇ ਥਾਣੇ ਵਿਚ ਲਿਖਵਾਈ, ਜਦਕਿ ਪੁਲਸ ਨੇ ਮੁੱਢਲੀ ਜਾਂਚ ਵਿਚ ਇਸ ਨੌਜਵਾਨ ਦੇ ਸਰਹਿੰਦ ਨਹਿਰ ਵਿਚ ਡੁੱਬ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ। ਡੀ. ਐੱਸ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਰੋਪੜ-ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਝੱਲੀਆਂ ਕਲਾਂ ਦੇ ਹਰਵਿੰਦਰ ਸਿੰਘ ਨੇ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਸੂਚਨਾ ਦਿੱਤਾ ਕਿ ਉਸ ਦਾ ਇਕਲੌਤਾ ਪੁੱਤਰ ਗੁਰਿੰਦਰਜੀਤ ਸਿੰਘ ਬੀਤੀ 6 ਜੂਨ ਤੋਂ ਸ਼ੱਕੀ ਹਾਲਤ ਵਿਚ ਲਾਪਤਾ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ 6 ਜੂਨ ਨੂੰ ਆਪਣੇ ਸਾਥੀਆਂ ਨਾਲ ਮੋਟਰਸਾਈਕਲ ’ਤੇ ਰੂਪਨਗਰ ਗਿਆ ਸੀ। ਉਸ ਦੇ ਦੋਸਤ ਤਾਂ ਮੁੜ ਆਏ ਪਰ ਉਸ ਦਾ ਪੁੱਤਰ ਨਹੀਂ ਆਇਆ।

ਉਨ੍ਹਾਂ ਆਪਣੇ ਪੁੱਤਰ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਜਦਕਿ ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੇ ਆਧਾਰ ’ਤੇ ਗੁਰਿੰਦਜੀਤ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਰੋਪੜ ਦੇ ਇਕ ਢਾਬੇ ’ਤੇ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਉਹ ਸਰਹਿੰਦ ਨਹਿਰ ਵਿਚ ਨਹਾਉਣ ਲੱਗ ਪਏ ਅਤੇ ਨਹਾਉਂਦੇ ਸਮੇਂ ਗੁਰਿੰਦਰਜੀਤ ਨਹਿਰ ਵਿਚ ਡੁੱਬ ਗਿਆ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੇ ਨਹਾਉਣ ਵਾਲੀ ਥਾਂ ’ਤੇ ਗੋਤਾਖੋਰਾਂ ਵਲੋਂ ਉਕਤ ਨੌਜਵਾਨ ਦੀ ਕਥਿਤ ਲਾਸ਼ ਲੱਭੀ ਜਾ ਰਹੀ ਹੈ, ਜਦਕਿ ਉਕਤ ਨੌਜਵਾਨ ਦਾ ਮੋਟਰਸਾਈਕਲ ਵੀ ਗਾਇਬ ਦੱਸਿਆ ਜਾ ਰਿਹਾ ਹੈ। ਉਕਤ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ।


Gurminder Singh

Content Editor

Related News