ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਨੇ ਮਾਰੀ ਗੋਲੀ

12/05/2018 4:30:04 PM

ਦੋਦਾ (ਲਖਵੀਰ ਸ਼ਰਮਾਂ) : ਬੀਤੀ ਰਾਤ ਲਗਭਗ ਸਾਢੇ ਅੱਠ ਵਜੇ ਨੇੜਲੇ ਪਿੰਡ ਛੱਤਿਆਣਾ ਵਿਖੇ ਇਕ ਵਿਆਕਤੀ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਇਕ ਪਰਵਾਸੀ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਥਾਣਾ ਕੋਟਭਾਈ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ੍ਰੀ ਚੰਦ ਪੁੱਤਰ ਬਾਬੂ ਰਾਮ ਵਾਸੀ ਜ਼ਿਲਾ ਕੰਨੌਜ਼ (ਉਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਪਿਛਲੇ ਕਰੀਬ 14 ਸਾਲ ਤੋਂ ਪਿੰਡ ਛੱਤਿਆਣਾ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਜੋ ਹੁਣ ਦਵਿੰਦਰ ਸਿੰਘ ਪੁੱਤਰ ਸੂਬਾ ਸਿੰਘ ਦੇ ਖੇਤ ਵਿਚ ਬਣੇ ਕਮਰੇ ਵਿਚ ਰਹਿ ਰਿਹਾ ਸੀ ਅਤੇ ਗੱਡੀ 'ਤੇ ਸਬਜੀ ਵੇਚਣ ਦਾ ਕੰਮ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਉਕਤ ਪਿੰਡ ਛੱਤਿਆਣਾ ਦੇ ਹੀ ਅਮਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਰਸਤੇ 'ਚ ਗੱਡੀ ਖੜਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਸੀ ਪਰ ਬੀਤੀ ਰਾਤ ਅਮਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਆਪਣੀ ਲਾਇਸੰਸੀ ਰਿਵਾਲਵਰ ਲੈ ਕੇ ਉਨ੍ਹਾਂ ਦੀ ਰਿਹਾਇਸ਼ 'ਤੇ ਗਿਆ ਅਤੇ ਰੋਟੀ ਖਾ ਰਹੇ ਉਸ ਦੇ ਵੱਡੇ ਲੜਕੇ ਸ਼ਿਵਮ ਕੁਮਾਰ (17) 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਦੋਂ ਉਸ ਦੇ ਲੜਕੇ ਨੇ ਆਪਣੇ ਬਚਾਅ ਲਈ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋ ਗੋਲੀਆਂ ਉਸ ਦੇ ਗੋਡੇ ਵਿਚ ਲੱਗੀਆਂ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਗਿਆ। 
ਗੋਲੀਆਂ ਦੀ ਆਵਾਜ਼ ਸੁਣ ਇਕੱਠੇ ਹੋਏ ਲੋਕਾਂ ਨੇ ਇਸ ਘਟਨਾ ਦੀ ਤੁਰੰਤ ਸੂਚਨਾ ਸੰਬੰਧਤ ਪੁਲਸ ਥਾਣਾ ਕੋਟਭਾਈ ਨੂੰ ਦਿੱਤੀ, ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਉਸ ਦੇ ਲੜਕੇ ਨੂੰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦਾਖਲ ਕਰਵਾਇਆ। ਜਿਥੋਂ ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਪੜਤਾਲ ਥਾਣਾ ਕੋਟਭਾਈ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਹੈ।