ਨੌਜਵਾਨ ਫੌਜ ''ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਅੱਗੇ ਆਉਣ : ਵੀ.ਪੀ. ਸਿੰਘ ਬਦਨੌਰ

12/17/2017 9:02:37 PM

ਫਾਜ਼ਿਲਕਾ/ਜਲਾਲਾਬਾਦ (ਸੇਤੀਆ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਦੇਸ਼ ਦੀ ਆਜ਼ਾਦੀ ਲਈ ਹੋਈਆਂ ਜੰਗਾਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਸੈਲਿਊਟ ਕਰਦਿਆਂ ਕਿਹਾ ਕਿ ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਬਦਨੌਰ ਨੇ ਇੱਥੇ ਸਰਹੱਦ ਰੋਡ 'ਤੇ ਆਸਫ ਵਾਲਾ ਸ਼ਹੀਦੀ ਸਮਾਰਕ ਵਿਖੇ ਹੋਏ ਸਲਾਨਾ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੀ ਸੁਰੱਖਿਆ ਲਈ ਅਹਿਮ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਰਾਜਪਾਲ ਵੱਲੋਂ ਸ਼ਹੀਦੀ ਸਮਾਰਕ ਵਿਖੇ ਨਵੇਂ ਬਣਨ ਵਾਲੇ ਵਿਕਟਰੀ ਟਾਵਰ ਦਾ ਨੀਂਹ ਪੱਥਰ ਰੱਖਿਆ ਅਤੇ ਸ਼ਹੀਦਾਂ ਦੀ ਸਮਾਧ ਕਮੇਟੀ ਨੂੰ ਡੇਢ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਡਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਸਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੌਜੂਦ ਸਨ।
ਇਸ ਤੋਂ ਪਹਿਲਾਂ ਵਿਜੈ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਸਲਾਨਾ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਰਾਜਪਾਲ ਬਦਨੌਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਹੋਈਆਂ ਜੰਗਾਂ ਦੌਰਾਨ ਨੌਜਵਾਨ ਸੂਰਬੀਰਾਂ ਵੱਲੋਂ ਦਿੱਤੀਆਂ ਸ਼ਹੀਦੀਆਂ ਕਾਰਨ ਹੀ ਅਸੀਂ ਅੱਜ ਆਜ਼ਾਦ ਭਾਰਤ ਦਾ ਆਨੰਦ ਮਾਨ ਰਹੇ ਹਾਂ। ਉਨ੍ਹਾਂ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।  
ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀਆਂ ਅੱਗੇ ਆਪਣਾ ਸਿਰ ਝੁਕਾਉਣ ਦੇ ਨਾਲ-ਨਾਲ ਆਸਫ ਵਾਲਾ ਸ਼ਹੀਦੀ ਯਾਦਗਾਰ ਕਮੇਟੀ ਅਤੇ ਫਾਜ਼ਿਲਕਾ ਦੇ ਨਿਵਾਸੀਆਂ ਦੀ ਫਰਾਖਦਿਲੀ ਤੇ ਮਹਿਮਾਨਵਾਜ਼ੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ 1965 ਤੇ 1971 ਵਿਚ ਹੋਈਆਂ ਜੰਗਾਂ ਦੌਰਾਨ ਫਾਜ਼ਿਲਕਾ ਦੇ ਨਿਵਾਸੀਆਂ ਵੱਲੋਂ ਮੌਢੇ ਨਾਲ ਮੌਢਾ ਜੋੜ ਕੇ ਭਾਰਤ ਫੌਜ ਦੀ ਮਦਦ ਕੀਤੀ ਗਈ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।  ਇਸ ਮੌਕੇ  ਭਾਰਤ ਦੀ ਇਸ ਪਹਿਲੀ ਨਿਵੇਕਲੀ ਵਾਰ ਮੈਮੋਰੀਅਲ ਜੋ ਕਿ ਫਾਜ਼ਿਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਦੀ ਪ੍ਰਸ਼ੰਸਾ ਕਰਦਿਆਂ ਇੱਥੇ ਹਰ ਸਾਲ ਮਨਾਏ ਜਾਣ ਵਾਲੇ ਵਿਜੈ ਦਿਵਸ 'ਤੇ ਆਉਣ ਬਾਰੇ ਵੀ ਕਿਹਾ।  
ਇਸ ਤੋਂ ਪਹਿਲਾਂ ਸੇਵਾ ਮੁਕਤ ਕਰਨਲ ਐਮ.ਐਸ.ਗਿੱਲ ਵੱਲੋਂ ਵੀ ਭਾਰਤ-ਪਾਕਿ ਵਿਚਕਾਰ ਹੋਈਆਂ ਜੰਗਾਂ ਬਾਰੇ ਵੀ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।  ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂ ਸੂਦ ਵੱਲੋਂ ਵੀ ਫਿਲਮਾਂ ਰਾਹੀਂ ਫੌਜ ਦੀ ਬਹਾਦਰੀ ਲਈ ਪਾਏ ਜਾ ਰਹੇ ਯੋਗਦਾਨ ਨੂੰ ਸਾਂਝਾ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼-ਭਗਤ ਨਾਲ ਸਬੰਧਤ ਗੀਤ, ਕੋਰੋਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਰਾਜਪਾਲ ਸ੍ਰੀ ਬਦਨੌਰ ਵੱਲੋਂ ਭਾਰਤ-ਪਾਕਿ ਵਿਚਕਾਰ ਹੋਈਆਂ ਜੰਗਾਂ ਦੌਰਾਨ ਹਿੱਸਾ ਲੈਣ ਵਾਲੇ ਭਾਰਤੀ ਸੈਨਾ ਦੇ ਅਧਿਕਾਰੀਆਂ ਤੇ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰ ਸਮੇਂ ਵਿਜੈ ਦਿਵਸ ਦੇ ਸਬੰਧ ਵਿੱਚ ਇਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿਚ 625 ਲੜਕਿਆਂ ਤੇ 163 ਲੜਕੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।