ਇਕੋ ਸਮੇਂ ਇਕੱਠਾ ਪਿਆ 5 ਨੌਜਵਾਨਾਂ ਦਾ ਭੋਗ, ਪਿੰਡ ''ਚ ਛਾਇਆ ਮਾਤਮ

12/03/2017 7:34:04 PM

ਭਗਤਾ ਭਾਈ (ਢਿੱਲੋਂ/ਪ੍ਰਵੀਨ) : ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਇਕੋ ਸਮੇਂ ਮਾਰੇ ਗਏ ਪਿੰਡ ਸਿਰੀਏ ਵਾਲਾ ਦੇ 5 ਨੌਜਵਾਨਾਂ ਦਾ ਐਤਵਾਰ ਨੂੰ ਪਿੰਡ ਦੇ ਡੇਰਾ ਬਾਬਾ ਵੀਰ ਸਿੰਘ ਜੀ ਵਿਖੇ ਪਾਠ ਦਾ ਭੋਗ ਪਿੰਡ ਵਾਸੀਆਂ ਵਲੋਂ ਇਕੱਠਿਆਂ ਪਾਇਆ ਗਿਆ। ਇਸ ਦੁਖਦਾਈ ਘਟਨਾ ਦੇ ਸਮਾਗਮ ਵਿਚ ਹਲਕਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੀ ਹਜ਼ਾਰੀ ਦੌਰਾਨ ਕਿਹਾ ਕਿ ਸਸਕਾਰ ਸਮੇਂ ਐਲਾਨੀ ਗਈ ਰਕਮ ਜਲਦੀ ਹੀ ਮ੍ਰਿਤਕ ਪ੍ਰੀਵਾਰਾਂ ਤੱਕ ਪਹੰਚਾਈ ਜਾਵੇਗੀ। ਇਸ ਸਮੇਂ ਉਮੀਦ ਸੋਸ਼ਲ ਵੈਲ ਫੇਅਰ ਆਰਗੇਨਾਈਜੇਸ਼ਨ ਰਾਮਪੁਰਾ ਫੂਲ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਮ੍ਰਿਤਕ ਪਰਿਵਾਰਾਂ ਦੀ ਮਾਲੀ ਮਦਦ ਲਈ ਸੰਸਥਾ ਵਲੋਂ 50 ਹਜ਼ਾਰ ਰੁਪਏ ਨਗਦ ਮੌਕੇ 'ਤੇ ਹੀ ਦਿੱਤੇ। ਇਸ ਸਮੇਂ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਵੀ ਆਪਣੀ ਹਾਜ਼ਰੀ ਲਵਾਈ ਤੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।
ਇਸ ਸਮੇਂ 'ਆਪ' ਦੇ ਹਲਕਾ ਇੰਚਾਰਜ ਮਨਜੀਤ ਸਿੰਘ ਬਿੱਟੀ ਆਪਣੇ ਵਲੋਂ ਪੀੜਤ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਣ ਕੀਤਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਡਾ. ਰਾਕੇਸ਼ ਕੁਮਾਰ ਗੋਇਲ ਪ੍ਰਧਾਨ ਨਗਰ ਪੰਚਾਇਤ ਭਗਤਾ ਨੇ ਅਕਾਲੀ ਦਲ ਵਲੋਂ 50 ਹਜ਼ਾਰ ਰੁਪਏ ਦੇਣ ਦਾ ਐਲਾਣ ਕੀਤਾ। ਇਸ ਦੌਰਾਨ ਭਾਈ ਸੁਖਮੰਦਰ ਸਿੰਘ ਸਾਬਕਾ ਸਰਪੰਚ ਨੇ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਦੀ ਹਾਜ਼ਰੀ ਲਵਾਈ ਅਤੇ ਪਿੰਡ ਵਲੋਂ ਇਸ ਦੁਖਦਾਈ ਸਮਾਗਮ ਵਿੱਚ ਸ਼ਾਮਲ ਹੋਣ ਤੇ ਦੁੱਖੀ ਪ੍ਰੀਵਾਰਾਂ ਦੀ ਮਾਲੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਵਿਚ ਪਹੁੰਚੇ ਹਰ ਸ਼ਖਸ ਦੀ ਅੱਖ ਨਮ ਸੀ।