ਯੂ. ਪੀ. ਤੋਂ 10 ਰੁਪਏ ਦਾ ਪੱਤਾ ਖਰੀਦ ਕੇ 100 ਰੁਪਏ ''ਚ ਕਰਦੇ ਸਨ ਬਲੈਕ

12/23/2017 8:05:03 AM

ਲੁਧਿਆਣਾ, (ਰਿਸ਼ੀ)- ਜਲਦ ਅਮੀਰ ਬਣਨ ਲਈ 2 ਭਰਾ ਹੈਲਥ ਡਿਪਾਰਟਮੈਂਟ ਵਲੋਂ ਬੈਨ ਕੀਤੀ ਗਈ ਐਲਪ੍ਰੈਕਸ ਨਾਮੀ ਗੋਲੀ ਦੀ ਸਮੱਗਲਿੰਗ ਕਰਨ ਲੱਗ ਪਏ ਅਤੇ ਯੂ. ਪੀ. ਤੋਂ 10 ਰੁਪਏ ਦਾ ਪੱਤਾ ਖਰੀਦ ਕੇ ਇਥੇ 100 ਰੁਪਏ ਵਿਚ ਬਲੈਕ 'ਚ ਵੇਚ ਕੇ 10 ਗੁਣਾ ਮੁਨਾਫਾ ਕਮਾਉਣ ਲੱਗ ਪਏ, ਜਿਨ੍ਹਾਂ ਨੂੰ ਸੀ. ਆਈ. ਏ.-1 ਦੀ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 6 ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸੈੱਲ ਦੇ ਮੁਖੀ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਰਾਮ ਨਰੇਸ਼ ਉਮਰ 33 ਸਾਲ ਅਤੇ ਮਨੀ ਰਾਮ ਉਮਰ 24 ਸਾਲ ਵਜੋਂ ਹੋਈ ਹੈ। ਦੋਵੇਂ ਮੂਲ ਰੂਪ ਤੋਂ ਯੂ. ਪੀ. ਦੇ ਰਹਿਣ ਵਾਲੇ ਹਨ ਤੇ ਇਥੇ ਢੋਲੇਵਾਲ 'ਚ ਕਿਰਾਏ ਦੇ ਕਮਰੇ ਵਿਚ ਰਹਿੰਦੇ ਹਨ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਢੋਲੇਵਾਲ ਪੁਲਸ ਕੋਲੋਂ ਉਨ੍ਹਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਸ਼ੀਲੀਆਂ ਗੋਲੀਆਂ ਦੀ ਡਲਿਵਰੀ ਦੇਣ ਜਾ ਰਹੇ ਸਨ। ਜਾਂਚ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਪਹਿਲਾਂ ਰਿਕਸ਼ਾ ਚਾਲਕ ਸਨ ਤੇ ਅਮੀਰ ਬਣਨ ਦੇ ਚੱਕਰ 'ਚ ਅਪਰਾਧ ਦੇ ਰਸਤੇ 'ਤੇ ਚੱਲ ਪਏ। ਉਨ੍ਹਾਂ ਨੂੰ ਪਤਾ ਲੱਗਾ ਕਿ ਐਲਪ੍ਰੈਕਸ ਨਾਮੀ ਗੋਲੀ ਪੰਜਾਬ ਵਿਚ ਬੈਨ ਹੈ, ਜਿਸ ਦੇ ਬਾਵਜੂਦ ਉਹ ਲਗਭਗ 3 ਸਾਲਾਂ ਤੋਂ ਆਪਣੇ ਪਿੰਡ ਤੋਂ ਭਾਰੀ ਮਾਤਰਾ ਵਿਚ ਖਰੀਦ ਕੇ ਟਰੇਨ ਰਾਹੀਂ ਇੱਥੇ ਲਿਆਉਂਦੇ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ 10 ਗੁਣਾ ਮੁਨਾਫੇ 'ਤੇ ਵੇਚ ਰਹੇ ਸਨ।