ਲੁਧਿਆਣਾ : ''ਯੈੱਸ ਬੈਂਕ'' ਦੇ ਗਾਹਕ ਪਰੇਸ਼ਾਨ, ਪੈਸੇ ਕਢਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ

03/06/2020 2:57:04 PM

ਲੁਧਿਆਣਾ (ਨਰਿੰਦਰ) : ਦੇਸ਼ ਦੇ ਵੱਡੇ ਬੈਂਕਾਂ 'ਚੋਂ ਇਕ ਯੈੱਸ ਬੈਂਕ 'ਤੇ ਆਏ ਸੰਕਟ ਨਾਲ ਕਰੋੜਾਂ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਯੈੱਸ ਬੈਂਕ ਦੇ ਸੰਕਟ ਨੂੰ ਦੇਖਦੇ ਹੋਏ ਨਿਕਾਸੀ 'ਤੇ ਇਕ ਲਿਮਟ ਤੈਅ ਕਰ ਦਿੱਤੀ ਗਈ ਹੈ ਕਿ ਅਗਲੇ ਇਕ ਮਹੀਨੇ ਤੱਕ ਲੋਕ ਸਿਰਫ ਬੈਂਕ 'ਚੋਂ 50 ਹਜ਼ਾਰ ਰੁਪਿਆ ਹੀ ਕਢਵਾ ਸਕਣਗੇ, ਜਿਸ ਤੋਂ ਬਾਅਦ ਬੈਂਕ ਦੀਆਂ ਬ੍ਰਾਂਚਾਂ ਤੇ ਏ. ਟੀ. ਐੱਮ. ਬਾਹਰ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੁਧਿਆਣਾ 'ਚ ਵੀ ਕੁਝ ਇਸੇ ਤਰ੍ਹਾਂ ਦਾ ਹੀ ਮਾਹੌਲ ਹੈ।

ਇੱਥੇ ਬੈਂਕ ਦੇ ਬਾਹਰ ਵੱਡੀ ਗਿਣਤੀ 'ਚ ਪੁਲਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਹਾਲਾਂਕਿ ਬੈਂਕ ਨੂੰ ਆਰ. ਬੀ. ਆਈ. ਨੇ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕਿਸੇ ਨੂੰ ਸਿੱਖਿਆ, ਸਿਹਤ ਜਾਂ ਫਿਰ ਅਮਰਜੈਂਸੀ ਲਈ ਵੱਧ ਕੈਸ਼ ਚਾਹੀਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ ਪਰ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਬੈਂਕ ਦੇ ਗਾਹਕਾਂ ਨੇ ਕਿਹਾ ਹੈ ਕਿ ਉਹ ਸਵੇਰ ਤੋਂ ਪੈਸੇ ਕਢਵਾਉਣ ਲਈ ਖੜ੍ਹੇ ਹਨ ਪਰ ਉਨ੍ਹਾਂ ਦਾ ਨੰਬਰ ਅਜੇ ਤੱਕ ਨਹੀਂ ਆਇਆ।

ਇਹ ਵੀ ਪੜ੍ਹੋ : ਯੈੱਸ ਬੈਂਕ 'ਚੋਂ ਨਹੀ ਕੱਢਵਾ ਸਕੋਗੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ, ਸਰਕਾਰ ਨੇ ਤੈਅ ਕੀਤੀ ਹੱਦ

ਬੈਂਕ ਅਧਿਕਾਰੀ ਵੀ ਇਸ ਬਾਰੇ ਕੋਈ ਸਾਫ ਜਵਾਬ ਨਹੀਂ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੈਸੇ ਛੋਟੇ ਨੋਟਾਂ ਦੇ ਰੂਪ 'ਚ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੈ। ਇੱਥੋਂ ਤੱਕ ਕਿ ਲੁਧਿਆਣਾ ਦੀਆਂ ਕਈ ਬ੍ਰਾਂਚਾਂ ਨੇ ਤਾਂ ਪੈਸੇ ਖਤਮ ਹੋਣ ਦੀ ਗੱਲ ਕਹਿ ਕੇ ਗਾਹਕਾਂ ਨੂੰ ਵਾਪਸ ਮੋੜ ਦਿੱਤਾ ਹੈ। ਗਾਹਕਾਂ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਰ ਕੋਈ ਆਪਣੇ ਪੈਸੇ ਕਢਵਾਉਣ ਲਈ ਬੈਂਕ ਪਹੁੰਚ ਕਰ ਰਿਹਾ ਹੈ। ਲੋਕਾਂ ਨੇ ਕਿਹਾ ਹੈ ਕਿ ਇਕ ਪਾਸੇ ਤਾਂ ਮੋਦੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ, ਉੱਥੇ ਹੀ ਹੁਣ ਬੈਂਕਾਂ 'ਚ ਅਜਿਹੀ ਲਿਮਟ ਲਾ ਕੇ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ।

Babita

This news is Content Editor Babita