ਜੀ. ਐੱਮ. ਸੀ. ਐੱਚ.-32 ''ਚ ਐੱਮ. ਬੀ. ਬੀ. ਐੱਸ. ਫਾਈਨਲ ਦੇ ਪੇਪਰ ''ਚ 100 ''ਚੋਂ 54 ਫੇਲ

02/27/2018 7:09:11 AM

ਚੰਡੀਗੜ੍ਹ, (ਸਾਜਨ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ-32 ਦੇ ਐੱਮ. ਬੀ. ਬੀ. ਐੱਸ. ਕੋਰਸ ਦੀ ਪੇਪਰ ਚੈਕਿੰਗ ਵਿਚ ਜ਼ਬਰਦਸਤ ਧਾਂਧਲੀ ਚੱਲ ਰਹੀ ਹੈ।  ਐੱਮ. ਬੀ. ਬੀ. ਐੱਸ. ਫਾਈਨਲ ਦੇ ਕੋਰਸ 'ਚ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੇ ਫੇਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 100 ਵਿਦਿਆਰਥੀਆਂ ਦੀ ਕਲਾਸ 'ਚੋਂ 54 ਫੇਲ ਹੋ ਗਏ ਹਨ ਅਤੇ ਉਹ ਵੀ ਸਿਰਫ ਇਕ ਪੇਪਰ ਵਿਚ ਨਹੀਂ, ਸਗੋਂ ਚਾਰ ਤੋਂ ਪੰਜ ਪੇਪਰਾਂ ਵਿਚ। ਜ਼ਿਆਦਾਤਰ ਦੀ ਚਾਰ ਤੋਂ ਪੰਜ ਪੇਪਰਾਂ 'ਚ ਰੀ-ਅਪੀਅਰ ਆਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐੱਸ. ਫਾਈਨਲ ਸਾਲ 'ਚ ਫੇਲ ਕੀਤਾ ਗਿਆ ਹੈ, ਉਹ ਬੀਤੇ ਸਾਲਾਂ ਦੇ ਟਾਪਰ ਰਹੇ ਹਨ।  ਖੁਦ ਨੂੰ ਫੇਲ ਵੇਖ ਕੇ ਉਨ੍ਹਾਂ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਵਿਦਿਆਰਥੀਆਂ ਨੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ. ਐੱਸ. ਚਵਨ ਨੂੰ ਸ਼ਿਕਾਇਤ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਐੱਮ. ਬੀ. ਬੀ. ਐੱਸ. ਕੋਰਸ ਵਿਚ ਆਏ ਅਜਿਹੇ ਨਤੀਜੀਆਂ ਤੋਂ ਖੁਦ ਹੈਰਤ 'ਚ ਹਨ। ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਦੀ ਸ਼ਿਕਾਇਤ ਤੋਂ ਬਾਅਦ ਯੂਨੀਵਰਸਿਟੀ ਨੇ ਆਪਣੇ ਪੱਧਰ 'ਤੇ ਐਗਜ਼ਾਮੀਨੇਸ਼ਨ ਸਿਸਟਮ 'ਚ ਵੱਡੇ ਬਦਲਾਅ ਦੀ ਪਹਿਲ ਕੀਤੀ ਹੈ। ਹੁਣ ਐੱਮ. ਬੀ. ਬੀ. ਐੱਸ. ਕੋਰਸ ਵਿਚ ਰੀਵੈਲਿਊਏਸ਼ਨ ਵੀ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਇਹ ਐੱਮ. ਆਈ. ਦੇ ਨਿਯਮਾਂ  ਖਿਲਾਫ ਹੈ।  
ਉਧਰ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੀ ਰੀ-ਅਪੀਅਰ ਆਉਣਾ ਖੁਦ 'ਚ ਹੈਰਾਨੀ ਦੀ ਗੱਲ ਹੈ। ਕਿਸੇ ਪੱਧਰ 'ਤੇ ਤਾਂ ਗੜਬੜ ਹੈ ਜਿਸ 'ਤੇ ਰੋਕ ਲਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਇਨਕੁਆਰੀ ਮਾਰਕ ਕਰਨਗੇ, ਤਾਂ ਕਿ ਅਸਲੀ ਕਾਰਨ ਪਤਾ ਲਾਇਆ ਜਾ ਸਕੇ। ਜੀ. ਐੱਮ. ਸੀ. ਐੱਚ.-32 ਦੇ ਇਕ ਟੀਚਰ ਨੇ ਵੀ ਪੀ. ਯੂ. ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਕੁਝ ਡਾਕਟਰਾਂ ਦੇ ਬੱਚਿਆਂ ਨੂੰ ਪਾਸ ਕਰਨ ਲਈ ਰੀਵੈਲਿਊਏਸ਼ਨ ਵਿਵਸਥਾ ਲਾਗੂ ਕੀਤੀ ਗਈ ਹੈ। ਅਜਿਹੇ 'ਚ ਇਹ ਪੀ. ਯੂ. ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। 
ਮੈਡੀਸਨ ਵਿਚ ਸਭ ਤੋਂ ਜ਼ਿਆਦਾ ਦੀ ਰੀ-ਅਪੀਅਰ
ਐੱਮ. ਬੀ. ਬੀ. ਐੱਸ. ਫਾਈਨਲ ਸਾਲ ਦੇ ਨਤੀਜੇ ਹਾਲ ਹੀ 'ਚ ਜਾਰੀ ਹੋਏ ਸਨ। ਕੁਲ 100 ਵਿਦਿਆਰਥੀਆਂ ਦੀ ਕਲਾਸ ਵਿਚੋਂ 54 ਦੀ ਤਿੰਨ ਤੋਂ ਲੈ ਕੇ ਪੰਜ ਪੇਪਰਾਂ 'ਚ ਰੀ-ਅਪੀਅਰ ਆਈ। ਸਰਜਰੀ ਵਿਚ 11, ਮੈਡੀਸਨ 'ਚ 29, ਗਾਇਨੀ ਵਿਚ 5 ਅਤੇ ਪੈਡੀਐਟਰਿਕਸ ਵਿਚ 4 ਅਤੇ 6 ਦੀ ਹੋਰ ਵਿਚ ਸਪਲੀ ਆਈ। ਗੱਲਬਾਤ ਦੌਰਾਨ ਕਾਫੀ ਵਿਦਿਆਰਥੀਆਂ ਨੇ ਇਹ ਖੁਲਾਸਾ ਕੀਤਾ ਕਿ ਟੀਚਰ ਜਾਣਬੁੱਝ ਕੇ ਟਾਰਗੈੱਟ ਕਰਦੇ ਹਨ, ਉਨ੍ਹਾਂ  ਪੈਸਾ ਲੈਣ ਅਤੇ ਸੋਨੇ ਦੇ ਸਿੱਕੇ ਦੇਣ ਦੀ ਗੱਲ 'ਤੇ ਖੁੱਲ੍ਹ ਕੇ ਤਾਂ ਕੁਝ ਨਹੀਂ ਬੋਲਿਆ ਪਰ ਇੰਨਾ ਕਿਹਾ ਕਿ ਫੇਵਰ ਤਾਂ ਮੰਗੀ ਜਾਂਦੀ ਹੈ। ਹਾਲਾਂਕਿ ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ. ਐੱਸ. ਚਵਨ ਅਜਿਹੀ ਕਿਸੇ ਧਾਂਦਲੀ ਤੋਂ ਸਾਫ ਮਨ੍ਹਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਖੁਦ ਬੀਤੇ ਸਾਲਾਂ ਦਾ ਨਤੀਜਾ ਵੇਖਿਆ ਹੈ, ਜਿਸ ਵਿਚ 94 'ਚੋਂ 95 ਫੀਸਦੀ ਵਿਦਿਆਰਥੀ ਪਾਸ ਹੁੰਦੇ ਰਹੇ ਹਨ। ਸਿਰਫ ਦੋ-ਚਾਰ ਫੀਸਦੀ ਵਿਦਿਆਰਥੀਆਂ ਦੀ ਹੀ ਸਪਲੀ ਆਉਂਦੀ ਰਹੀ ਹੈ। ਇੰਨੇ ਵੱਡੇ ਪੱਧਰ 'ਤੇ ਪਹਿਲੀ ਵਾਰ ਵਿਦਿਆਰਥੀਆਂ ਦੀ ਸਪਲੀ ਆਈ ਹੈ। ਹੋ ਸਕਦਾ ਹੈ ਕਿ ਨਤੀਜਾ ਬਿਨਾਂ ਜਾਂਚੇ ਹੀ ਪੀ. ਯੂ. ਨੂੰ ਭੇਜ ਦਿੱਤਾ ਹੋਵੇ। ਹਾਲਾਂਕਿ ਇਹ ਮਾਮਲਾ ਉਨ੍ਹਾਂ ਦੇ ਨਿਰਦੇਸ਼ਕ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਦਾ ਹੈ, ਇਸ ਲਈ ਉਹ ਕੋਈ ਟਿੱਪਣੀ ਕਰਨ ਦੀ ਹਾਲਤ 'ਚ ਨਹੀਂ ਹਨ।  ਡਾਇਰੈਕਟਰ ਪ੍ਰਿੰਸੀਪਲ ਡਾ. ਚਵਨ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਐਕਟ ਵਿਚ ਇਹ ਵਿਵਸਥਾ ਹੈ ਕਿ ਜੇਕਰ ਬੀਤੇ ਸਾਲ 'ਚ ਵਿਦਿਆਰਥੀਆਂ ਦੇ ਵਧੀਆ ਨਤੀਜੇ ਆਏ ਹਨ ਤਾਂ ਵਾਈਸ ਚਾਂਸਲਰ ਆਪਣੀ ਪਾਵਰ ਦੀ ਵਰਤੋਂ ਕਰਕੇ ਅਜਿਹੇ ਵਿਆਿਰਥੀਆਂ ਨੂੰ ਗਰੇਸ ਦੇ ਤੌਰ 'ਤੇ 10 ਨੰਬਰ ਤਕ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੀ. ਸੀ. ਨੇ ਆਪਣੀ ਪਾਵਰ ਦਾ ਪ੍ਰਯੋਗ ਕੀਤਾ, ਜਿਸ ਤੋਂ ਬਾਅਦ ਕਾਫੀ ਵਿਦਿਆਰਥੀ ਪਾਸ ਹੋ ਗਏ ਪਰ ਵਿਦਿਆਰਥੀਆਂ ਅਤੇ ਪੀ. ਯੂ. ਪ੍ਰਸ਼ਾਸਨ ਦੇ ਧਿਆਨ ਵਿਚ ਸਿਰਫ ਇਕ ਸਵਾਲ ਹੈ ਕਿ ਇਨੇ ਵੱਡੇ ਪੱਧਰ 'ਤੇ ਪੇਪਰ ਚੈਕਿੰਗ ਵਿਚ ਧਾਂਦਲੀ ਕਿਵੇਂ? ਐਗਜ਼ਾਮੀਨਰ  ਦੇ ਤੌਰ 'ਤੇ ਜਿਸ ਟੀਚਰ ਨੇ ਪੇਪਰ ਚੈੱਕ ਕੀਤੇ, ਉਸਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ?
ਸਾਰੇ ਪ੍ਰੋਫੈਸ਼ਨਲ ਕੋਰਸਾਂ ਵਿਚ ਰੀਵੈਲਿਊਏਸ਼ਨ ਤਾਂ ਐੱਮ. ਬੀ. ਬੀ. ਐੱਸ. ਵਿਚ ਕਿਉਂ ਨਹੀਂ?
ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਐਗਜ਼ਾਮ ਪ੍ਰੋ. ਪਰਵਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਵੱਡੇ ਪੱਧਰ 'ਤੇ ਵਿਦਿਆਰਥੀ (ਐੱਮ. ਬੀ. ਬੀ. ਐੱਸ. ਫਾਈਨਲ) ਦੇ ਫੇਲ ਹੋਣ ਦੀ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਸਪਲੀ ਆਉਣਾ ਆਪਣੇ ਆਪ 'ਚ ਹੈਰਤ ਵਾਲੀ ਗੱਲ ਹੈ। ਜਦੋਂ ਇੰਜੀਨੀਅਰਿੰਗ, ਫਾਰਮੇਸੀ ਜਾਂ ਲਾਅ ਸਮੇਤ ਹੋਰ ਪ੍ਰੋਫੈਸ਼ਨਲ ਕੋਰਸਾਂ 'ਚ ਵਿਦਿਆਰਥੀਆਂ ਨੂੰ ਰੀਵੈਲਿਊਏਸ਼ਨ ਕਰਾਉਣ ਦਾ ਅਧਿਕਾਰ ਹੈ ਤਾਂ ਐੱਮ. ਬੀ. ਬੀ. ਐੱਸ. 'ਚ ਕਿਉਂ ਨਹੀਂ। ਡਾ. ਪਰਵਿੰਦਰ ਸਿੰਘ ਅਨੁਸਾਰ ਨੈਚੁਰਲ ਜਸਟਿਸ ਦੇ ਸਿਧਾਂਤ ਅਨੁਸਾਰ ਰੀਵੈਲਿਊਏਸ਼ਨ ਦਾ ਹੱਕ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਜੇਕਰ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੂੰ ਇਹ ਹੱਕ ਨਹੀਂ ਤਾਂ ਇਹ ਵੱਡੀ ਜ਼ਿਆਦਤੀ ਹੈ। ਸਾਡੇ ਖਿਲਾਫ ਜੇਕਰ ਮੈਡੀਕਲ ਕੌਂਸਲ ਆਫ ਇੰਡੀਆ ਵੀ ਜਾਂਦੀ ਹੈ ਤਾਂ ਵਿਦਿਆਰਥੀਆਂ ਦੇ ਭਵਿੱਖ ਲਈ ਉਹ ਉਸਨੂੰ ਵੀ ਝੱਲਣ ਲਈ ਤਿਆਰ ਹੈ।