ਸਿੱਧੂ ਲਈ ਵਿਵਾਦਾਂ ਵਾਲਾ ਰਿਹਾ 2019, ਪਾਕਿ ਫੇਰੀ ਤੋਂ ਕੈਬਨਿਟ ''ਚੋਂ ਛੁੱਟੀ ਤਕ ਪੂਰਾ ਲੇਖਾ-ਜੋਖਾ

12/25/2019 6:38:12 PM

ਜਲੰਧਰ (ਸ਼ਿਵਾਨੀ) — ਪੰਜਾਬ ਦੀ ਵਜ਼ਾਰਤ 'ਚੋਂ ਬਾਹਰ ਹੋ ਚੁੱਕੇ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਸਾਲ 2019 'ਚ ਵੀ ਨਵਜੋਤ ਸਿੰਘ ਸਿੱਧੂ ਕਾਫੀ ਵਿਵਾਦਾਂ 'ਚ ਰਹੇ। ਅੱਜ ਅਸੀਂ ਤੁਹਾਨੂੰ ਪੰਜਾਬ ਦੀ ਵਜ਼ਾਰਤ 'ਚੋਂ ਬਾਹਰ ਹੋ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਉਹ ਵੱਡੇ ਵਿਵਾਦ ਦੱਸਣ ਜਾ ਰਹੇ ਹਾਂ, ਜਿਨ੍ਹਾਂ ਕਰਕੇ ਉਹ ਸਾਲ 2019 'ਚ ਕਾਂਗਰਸ ਪਾਰਟੀ ਸਮੇਤ ਵਿਰੋਧੀ ਧਿਰਾਂ ਦੀਆਂ ਨਜ਼ਰਾਂ 'ਚ ਪੂਰਾ ਸਾਲ ਰੜਕਦੇ ਰਹੇ।

ਪਾਕਿ ਫੇਰੀ
ਦਰਅਸਲ ਪੰਜਾਬ ਦੀ ਸਿਆਸਤ 'ਚ ਨਵਜੋਤ ਸਿੱਧੂ ਦੇ ਸਿਤਾਰੇ ਉਸ ਸਮੇਂ ਵਿਗੜਨੇ ਸ਼ੁਰੂ ਹੋਏ ਸਨ ਜਦੋਂ ਸਾਲ 2018 'ਚ ਸਿੱਧੂ ਆਪਣੇ ਦੋਸਤ ਇਮਰਾਨ ਖਾਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਲਈ ਪਾਕਿਸਤਾਨ ਗਏ ਸਨ। ਇਥੇ ਉਨ੍ਹਾਂ ਨੇ ਪਾਕਿ ਫੌਜ ਮੁਖੀ ਬਾਜਵਾ ਨੂੰ ਜੱਫੀ ਪਾਈ ਸੀ। ਇਕ ਫੌਜੀ ਹੋਣ ਨਾਤੇ ਇਹ ਜੱਫੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਫੀ ਰੜਕੀ ਸੀ। ਕੈਪਟਨ ਅਤੇ ਉਸ ਦੇ ਕਈ ਵਜ਼ੀਰਾਂ ਨੇ ਉਸ ਸਮੇਂ ਵੀ ਸਿੱਧੂ ਦਾ ਵਿਰੋਧ ਕੀਤਾ ਸੀ।

ਸਿੱਧੂ ਵੱਲੋਂ ਪੁਲਵਾਮਾ ਹਮਲੇ 'ਤੇ ਟਿੱਪਣੀ ਕਰਨਾ
14 ਫਰਵਰੀ 2019 ਨੂੰ ਪਾਕਿਸਾਨ ਵੱਲੋਂ ਕੀਤੇ ਗਏ ਪੁਲਵਾਮਾ 'ਤੇ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਉਸ ਟਿੱਪਣੀ ਨੇ ਵੀ ਨਵਾਂ ਵਿਵਾਦ ਛੇੜ ਦਿੱਤਾ ਸੀ ਜਦੋਂ ਸਿੱਧੂ ਨੇ ਕਿਹਾ ਕਿ ਕੁਝ ਲੋਕਾਂ ਕਰਕੇ ਤੁਸੀਂ ਪੂਰੇ ਦੇਸ਼ (ਪਾਕਿਸਤਾਨ) ਨੂੰ ਜ਼ਿੰਮੇਵਾਰ ਨਹੀਂ ਠਹਿਰਾਅ ਸਕਦੇ। ਆਪਣੇ ਇਸ ਬਿਆਨ ਕਾਰਨ ਸਿੱਧੂ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸਿੱਧੂ ਨੇ ਭਾਰਤ ਵੱਲੋਂ ਪਾਕਿ 'ਚ ਕੀਤੀ 'ਏਅਰ ਸਟ੍ਰਾਈਕ' 'ਤੇ ਸਵਾਲ ਖੜ੍ਹੇ ਕੀਤੇ ਤਾਂ ਫੌਜੀ ਹੋਣ ਦੇ ਨਾਤੇ ਉਨ੍ਹਾਂ ਨੂੰ ਫਿਰ ਕੈਪਟਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ਤੋਂ ਛੁੱਟੀ ਹੋਣਾ  
ਪੁਲਵਾਮਾ ਹਮਲੇ ਅਤੇ ਏਅਰ ਸਟ੍ਰਾਈਕ 'ਤੇ ਬਿਆਨਾਂ 'ਤੇ ਵਿਵਾਦ ਇੰਨਾ ਵਧ ਗਿਆ ਕਿ ਸਿੱਧੂ ਦੀ ਕਪਿਲ ਸ਼ਰਮਾ ਦੇ ਸ਼ੋਅ ਤੋਂ ਛੁੱਟੀ ਕਰਨੀ ਪਈ।

ਸਿੱਧੂ ਦਾ ਰਾਹੁਲ ਗਾਂਧੀ ਨੂੰ ਕੈਪਟਨ ਮੰਨਣਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਦਾ ਵਿਵਾਦ ਉਸ ਸਮੇਂ ਹੋਰ ਵੀ ਡੂੰਘਾ ਹੋ ਗਿਆ ਜਦੋਂ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸ ਦਿੱਤਾ। ਕਾਂਗਰਸ ਦੇ ਚੋਣ ਪ੍ਰਚਾਰ ਲਈ ਤੇਲੰਗਾਨਾ ਦੌਰੇ 'ਤੇ ਗਏ ਨਵਜੋਤ ਸਿੱਧੂ ਨੇ ਆਪਣੇ ਪਾਕਿਸਤਾਨੀ ਦੌਰੇ 'ਤੇ ਕੈਪਟਨ ਦੀ ਨਾਰਾਜ਼ਗੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਬੜੇ ਬੇਬਾਕ ਅੰਦਾਜ਼ ਨਾਲ ਕਿਹਾ ਸੀ ਕਿ 'ਕੌਣ ਕੈਪਟਨ... ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹਨ। ਹਾਲਾਂਕਿ ਸਿੱਧੂ ਨੇ ਕੈਪਟਨ ਨੂੰ ਆਪਣੇ ਪਿਤਾ ਸਾਮਾਨ ਕਿਹਾ ਪਰ ਸਿੱਧੂ ਦਾ ਇਹ ਬਿਆਨ ਕੈਪਟਨ ਨੂੰ ਬਹੁਤ ਰੜਕਿਆ, ਜਿਸ ਤੋਂ ਬਾਅਦ ਕੈਪਟਨ ਦੇ ਵਜ਼ੀਰਾਂ ਨੇ ਸਿੱਧੂ ਦੇ ਇਸ ਬਿਆਨ ਦੀ ਨਿਖੇਧੀ ਕਰਦੇ ਹੋਏ ਅਮਰਿੰਦਰ ਸਿੰਘ ਨੂੰ ਹੀ ਆਪਣਾ ਅਤੇ ਪੰਜਾਬ ਦਾ ਕੈਪਟਨ ਦੱਸਿਆ।

ਫ੍ਰੈਂਡਲੀ ਮੈਚ ਵਾਲੇ ਬਿਆਨ ਨੇ ਵੀ ਛੇੜਿਆ ਨਵਾਂ ਵਿਵਾਦ
ਪੰਜਾਬ ਦੀ ਸਿਆਸਤ 'ਚ ਸਿੱਧੂ ਦੇ ਸਿਤਾਰੇ ਢਿੱਲੇ ਪੈਣ ਲੱਗ ਗਏ ਸਨ ਅਤੇ ਸਿੱਧੂ ਲਗਾਤਾਰ ਵਿਵਾਦਾਂ 'ਚ ਘਿਰਦੇ ਰਹੇ। ਮੇਰਾ ਕੈਪਟਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੇ ਨਵਾਂ ਪੰਗਾ ਸਹੇੜ ਲਿਆ ਸੀ। ਸਿੱਧੂ ਨੇ ਬਠਿੰਡਾ ਰੈਲੀ ਦੌਰਾਨ ਕਿਹਾ ਸੀ ਕਿ ਫ੍ਰੈਂਡਲੀ ਮੈਚ ਚੱਲ ਰਿਹਾ ਹੈ। ਹਾਲਾਂਕਿ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਨਾ ਚਾਹੁੰਦੇ ਹੋਏ ਜਾਂ ਫਿਰ ਜਾਣ-ਬੁੱਝ ਕੇ ਕੈਪਟਨ ਸਿਰ ਬਾਦਲਾਂ ਨਾਲ ਮਿਲੇ ਹੋਣ ਦਾ ਇਲਜ਼ਾਮ ਮੜ੍ਹ ਦਿੱਤਾ। ਜਿਸ 'ਤੇ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਕੈਪਟਨ ਨੇ ਕਿਹਾ ਸੀ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਜਿਸ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪਾਰਟੀ ਅਤੇ ਉਨ੍ਹਾਂ ਦਾ ਅਕਸ ਖਰਾਬ ਕਰ ਰਹੇ ਹਨ।

ਕੈਪਟਨ ਨੇ ਭੰਨਿਆ ਸਿੱਧੂ ਸਿਰ ਹਾਰ ਦਾ ਠੀਕਰਾ
ਇਹ ਮਾਮਲਾ ਇਥੇ ਹੀ ਨਹੀਂ ਰੁਕਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਹਾਰ ਦਾ ਠੀਕਰਾ ਵੀ ਸਿੱਧੂ ਸਿਰ ਮੜ੍ਹ ਦਿੱਤਾ। ਜਿਸ ਨੇ ਸਿੱਧੂ ਅਤੇ ਕੈਪਟਨ ਵਿਚਾਲੇ ਤਲਖੀਆਂ ਹੋਰ ਵਧਾ ਦਿੱਤੀਆਂ ਸਨ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਇਸ ਵਾਰ ਟਵਿੱਟਰ 'ਤੇ ਵੀ ਖੂਬ ਸਰਗਰਮ ਰਹੇ ਸਨ। ਉਨ੍ਹਾਂ ਨੇ ਟਵਿੱਟਰ 'ਤੇ ਖੂਬ ਸ਼ੇਅਰੋ-ਸ਼ਾਇਰੀ ਕਰਦੇ ਹੋਏ ਵਿਰੋਧੀਆਂ ਨੂੰ ਤੰਜ ਕੱਸੇ ਸਨ।

ਕੈਪਟਨ ਵੱਲੋਂ ਸਿੱਧੂ ਦਾ ਮਹਿਕਮਾ ਖੋਹਣਾ
ਸਿੱਧੂ ਅਤੇ ਕੈਪਟਨ ਦਾ ਵਿਵਾਦ ਇਥੇ ਹੀ ਨਹੀਂ ਰੁਕਿਆ ਅਤੇ ਸਿੱਧੂ 'ਤੇ ਵੱਡੀ ਕਾਰਵਾਈ ਕਰਦੇ ਹੋਏ ਕੈਪਟਨ ਨੇ ਸਿੱਧੂ ਦਾ ਮਹਿਕਮਾ ਹੀ ਬਦਲ ਦਿੱਤਾ। ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਲੈ ਕੇ ਉਨ੍ਹਾਂ ਨੂੰ ਪਾਵਰ ਮੰਤਰਾਲਾ ਸੌਂਪ ਦਿੱਤਾ ਗਿਆ, ਜੋ ਸਿੱਧੂ ਨੂੰ ਨਾਗਵਾਰ ਗੁਜ਼ਰਿਆ ਅਤੇ ਉਨ੍ਹਾਂ ਨੇ ਨਵਾਂ ਮੰਤਰਾਲਾ ਲੈਣ ਤੋਂ ਇਨਕਾਰ ਕਰ ਦਿੱਤਾ।

ਸਿੱਧੂ ਵੱਲੋਂ ਕੈਬਨਿਟ ਮੰਤਰੀ ਤੋਂ ਅਸਤੀਫਾ ਦੇਣਾ
ਮੰਤਰਾਲਾ ਬਦਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹਾਈ ਕਮਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਵੀ ਮਿਲੇ ਸਨ ਪਰ ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਦੁਖੀ ਰਾਹੁਲ ਨੇ ਵੀ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਫਿਰ ਸਿੱਧੂ ਨੂੰ ਮਹੱਵਤਪੂਰਨ ਕਦਮ ਚੁੱਕਦੇ ਹੋਏ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੀ ਜਾਣਕਾਰੀ ਸਿੱਧੂ ਨੇ ਟਵਿੱਟਰ ਜ਼ਰੀਏ ਦਿੱਤੀ ਸੀ, ਜਿਸ 'ਚ ਸਿੱਧੂ ਨੇ ਲਿਖਿਆ ਸੀ ਕਿ ਉਨ੍ਹਾਂ ਨੇ 10 ਜੂਨ ਨੂੰ ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਦਿੱਤਾ ਸੀ ਅਤੇ ਬਕਾਇਕਾ ਰਾਹੁਲ ਗਾਂਧੀ ਨੂੰ ਇਹ ਅਸਤੀਫਾ ਸੌਂਪ ਵੀ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸਤੀਫਾ ਭੇਜਿਆ ਸੀ, ਜਿਸ ਨੂੰ ਉਨ੍ਹਾਂ ਵੱਲੋਂ ਸਵੀਕਾਰ ਕਰ ਲਿਆ ਗਿਆ ਸੀ ਅਤੇ ਸਿੱਧੂ ਨੂੰ ਪੰਜਾਬ ਦੀ ਵਜ਼ਾਰਤ 'ਚੋਂ ਬਾਹਰ ਕਰ ਦਿੱਤਾ ਸੀ।

ਕਰਤਾਪੁਰ ਕੋਰੀਡੋਰ ਖੁੱਲ੍ਹਣ 'ਤੇ ਇਮਰਾਨ ਦੀ ਕੀਤੀ ਸੀ ਰੱਜ ਕੇ ਤਰੀਫ
ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਦੌਰਾਨ ਵੀ ਨਵਜੋਤ ਸਿੱਧੂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਸਿੱਧੂ ਨੂੰ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਏ ਲਈ ਪਾਕਿਸਤਾਨ ਵੱਲੋਂ ਸੱਦਾ ਦਿੱਤਾ ਗਿਆ ਸੀ ਅਤੇ ਉਹ ਪਾਕਿਸਤਾਨ ਦੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਗਏ ਸਨ। ਉਥੇ ਉਨ੍ਹਾਂ ਨੇ ਕੋਰੀਡੋਰ ਦੇ ਉਦਘਾਟਨ ਦੌਰਾਨ ਆਪਣੇ ਭਾਸ਼ਣ 'ਚ ਇਮਰਾਨ ਖਾਨ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਸਨ।

ਇਥੇ ਸ਼ੇਅਰੋ-ਸ਼ਾਇਰੀ ਨਾਲ ਸਿੱਧੂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਸੀ। ਇਮਰਾਨ ਦੀ ਪ੍ਰਸ਼ੰਸਾ 'ਚ ਸਿੱਧੂ ਨੇ ਕਿਹਾ ਸੀ, ''ਕਯਾ ਮਿਲੇਗਾ ਮਾਰ ਕਰ ਕਿਸੀ ਕੋ ਜਾਨ ਸੇ, ਮਾਰਨਾ ਹੋ ਤੋ ਮਾਰ ਡਾਲੋ ਅਹਿਸਾਨ ਸੇ। ਦੁਸ਼ਮਣ ਮਰ ਨਹੀਂ ਸਕਤਾ ਕਭੀ ਨੁਕਸਾਨ ਸੇ ਔਰ ਸਰ ਉਠਾ ਕੇ ਚਲ ਨਹੀਂ ਸਕਤਾ ਮਰਾ ਅਹਿਸਾਨ ਸੇ।''

ਇਹ ਹੀ ਨਹੀਂ ਸਿੱਧੂ ਨੇ ਫੌਜ ਮੁਖੀ ਨੂੰ ਪਾਈ ਜੱਫੀ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਹਾਂ ਮੈਂ ਜੱਫੀ ਪਾਈ ਅਤੇ ਅੱਗੇ ਵੀ ਪਾਉਂਦਾ ਰਹਾਂਗਾ। ਇਸ ਜੱਫੀ ਦੇ ਕਾਰਨ ਹੀ ਪਾਕਿਸਤਾਨ ਅਤੇ ਡੇਰਾ ਬਾਬਾ ਨਾਨਕ ਦਾ ਰਸਤਾ ਖੁੱਲ੍ਹਿਆ ਹੈ। ਉਨ੍ਹਾਂ ਕਿਹਾ ਸੀ ਕਿ ਯਾਰ ਹੋਵੇ ਤਾਂ ਇਮਰਾਨ ਵਰਗਾ। ਉਨ੍ਹਾਂ ਦੀ ਜੱਫੀ ਅੱਜ ਰੰਗ ਲਿਆਈ ਹੈ। ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਹੈ। ਬਾਬੇ ਦੇ ਲਾਂਘੇ ਨੂੰ ਜਿੰਨੇ ਹੁਲਾਰਾ ਦਿੱਤਾ ਉਹ ਲੱਖ ਦਾ, ਜਿੰਨੇ ਪਾਇਆ ਅੜਿੱਕਾ ਉਹ ਕੱਖ ਦਾ।'' ਇਸ ਤੋਂ ਇਾਲਾਵ ਸਿੱਧੂ ਨੇ ਲਾਂਘਾ ਖੁੱਲ੍ਹਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਸੀ। ਇਨ੍ਹਾਂ ਵਿਵਾਦਾਂ ਦੇ ਕਾਰਨ ਨਵਜੋਤ ਸਿੰਘ ਸਿੱਧੂ ਪੂਰਾ ਸਾਲ ਵਿਰੋਧੀਆਂ ਦੀਆਂ ਨਜ਼ਰਾਂ 'ਚ ਰੜਕਦੇ ਰਹੇ ਹਨ।

 

shivani attri

This news is Content Editor shivani attri