ਸਾਲ 2019-20 ਤੋਂ ਨਵੇਂ ਪੈਟਰਨ ''ਤੇ ਹੋਣਗੇ 10ਵੀਂ-12ਵੀਂ ਦੇ ਇਮਤਿਹਾਨ

09/23/2018 9:12:17 AM

ਲੁਧਿਆਣਾ(ਵਿੱਕੀ)— ਸਾਲ 2020 ਵਿਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਕਲਾਸ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪੈਟਰਨ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਬੋਰਡ ਪ੍ਰੀਖਿਆ ਲਈ ਇਹ ਨਵਾਂ ਪੈਟਰਨ ਸੈਸ਼ਨ 2019-2020 ਤੋਂ ਲਾਗੂ ਹੋਵੇਗਾ। ਬੋਰਡ ਵਲੋਂ ਬਣਾਈ ਯੋਜਨਾ ਅਨੁਸਾਰ ਪ੍ਰਸ਼ਨ ਪੱਤਰ ਵਿਚ 1 ਤੋਂ 5 ਅੰਕਾਂ ਦੇ ਛੋਟੇ ਪ੍ਰਸ਼ਨ ਸ਼ਾਮਲ ਜ਼ਿਆਦਾ ਹੋਣਗੇ। ਇਸ ਬਦਲਾਅ ਦਾ ਮਕਸਦ ਵਿਦਿਆਰਥੀਆਂ ਦੀ ਸੋਚਣ ਸਮਰੱਥਾ ਨੂੰ ਵਧਾਉਣਾ ਅਤੇ ਉਨ੍ਹਾਂ ਦੀ ਲਰਨਿੰਗ ਪਾਵਰ ਨੂੰ ਵਧਾਉਣਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਰੱਟੇ ਲਾਉਣ ਦੀ ਆਦਤ ਹੈ, ਉਨ੍ਹਾਂ ਦੀ ਇਸ ਆਦਤ ਨੂੰ ਬਦਲਣਾ ਵੀ ਇਸ ਦਾ ਉਦੇਸ਼ ਹੈ।

ਫਰਵਰੀ 'ਚ ਹੋਣਗੀਆਂ ਵੋਕੇਸ਼ਨਲ ਪ੍ਰੀਖਿਆਵਾਂ—
ਸੀ. ਬੀ. ਐੱਸ. ਈ. ਬੋਰਡ ਫਰਵਰੀ 'ਚ ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਲਵੇਗਾ ਜਦਕਿ ਮਾਰਚ 'ਚ ਮੁੱਖ ਸਿਲੇਬਸ ਦੀ ਪ੍ਰੀਖਿਆ ਆਯੋਜਿਤ ਕਰੇਗਾ। ਪੈਟਰਨ ਨੂੰ ਬਦਲਣ ਦਾ ਉਦੇਸ਼ ਸਮੇਂ 'ਤੇ ਪ੍ਰੀਖਿਆ ਪੂਰੀ ਕਰਨਾ ਹੈ ਤੇ ਨਾਲ ਹੀ ਮਈ ਦੇ ਸ਼ੁਰੂਆਤ ਵਿਚ ਜਾਂ ਅਪ੍ਰੈਲ ਦੇ ਆਖਰੀ ਹਫਤੇ ਵਿਚ ਨਤੀਜਾ ਵੀ ਜਾਰੀ ਕਰਨਾ ਹੈ। ਜਾਣਕਾਰਾਂ ਮੁਤਾਬਕ ਬੋਰਡ ਨੇ ਇਸ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਯੋਜਨਾ 'ਚ 3 ਤੋਂ 4 ਮਹੀਨੇ ਦਾ ਸਮਾਂ ਜਾਵੇਗਾ ਪਰ ਬੋਰਡ ਨੇ 2019 ਤੋਂ 20 ਲਈ 10ਵੀਂ ਅਤੇ 12ਵੀਂ ਕਲਾਸ ਦੇ ਪ੍ਰਸ਼ਨ ਪੱਤਰ ਪੈਟਰਨ 'ਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੁੱਲਾਂਕਣ ਲਈ ਅਧਿਆਪਕਾਂ ਨੂੰ ਮਿਲੇਗਾ ਜ਼ਿਆਦਾ ਸਮਾਂ—
ਯੋਜਨਾ ਮੁਤਾਬਕ ਜ਼ਿਆਦਾ ਫੋਕਸ ਇਸ ਗੱਲ 'ਤੇ ਰਹੇਗਾ ਕਿ ਵਿਦਿਆਰਥੀ ਦੀ ਲਰਨਿੰਗ ਪ੍ਰਕਿਰਿਆ ਅਤੇ ਉਨ੍ਹਾਂ ਦੇ ਸੋਚਣ ਦੀ ਸਮਰੱਥਾ ਦੀ ਸਮੀਖਿਆ ਕੀਤੀ ਜਾ ਸਕੇ। ਬੋਰਡ ਨੇ ਪੈਟਰਨ ਬਦਲਦੇ ਸਮੇਂ ਇਸ ਤਰ੍ਹਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ ਕਿ ਜਿਸ ਨਾਲ ਵਿਦਿਆਰਥੀਆਂ ਨੂੰ ਰੱਟੇ ਮਾਰ ਕੇ ਜ਼ਿਆਦਾ ਅੰਕ ਲਿਆਉਣ ਦੀ ਪ੍ਰਕਿਰਿਆ 'ਤੇ ਪਾਬੰਦੀ ਲੱਗੇ। ਇਸ ਤੋਂ ਇਲਾਵਾ ਪੇਪਰ ਦੇ ਮੁੱਲਾਂਕਣ ਲਈ ਵੀ ਅਧਿਆਪਕਾਂ ਨੂੰ ਜ਼ਿਆਦਾ ਸਮਾਂ ਮਿਲੇਗਾ ਅਤੇ ਰਿਜ਼ਲਟ ਸਮੇਂ ਤੋਂ ਪਹਿਲਾਂ ਜਾਰੀ ਹੋਣਗੇ। ਇਥੇ ਦੱਸ ਦੇਈਏ ਕਿ ਬੋਰਡ ਵਲੋਂ ਨਤੀਜਾ ਜਲਦੀ ਜਾਰੀ ਕਰਨ ਦੇ ਚੱਕਰ ਵਿਚ ਅਧਿਆਪਕਾਂ ਨੂੰ ਇਕ ਤਰੀਕ ਦੀ ਡੈੱਡਲਾਈਨ ਦੇ ਦਿੱਤੀ ਜਾਂਦੀ ਹੈ ਜਿਸ ਕਾਰਨ ਮੁੱਲਾਂਕਣ ਦੇ ਕਾਰਜ 'ਚ ਲੱਗੇ ਅਧਿਆਪਕ ਵੀ ਜਲਦਬਾਜ਼ੀ 'ਚ ਪੇਪਰ ਚੈੱਕ ਕਰ ਦਿੰਦੇ ਹਨ ਜਿਸ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਕੋਈ ਤਰੁੱਟੀ ਰਹਿ ਜਾਂਦੀ ਹੈ।

ਬਦਲਾਅ ਦਾ ਇਹ ਹੈ ਖਾਸ ਮਕਸਦ—
ਇਸ ਯੋਜਨਾ ਦੇ ਪਿੱਛੇ ਸੀ. ਬੀ. ਐੱਸ. ਈ. ਦਾ ਇਕ ਖਾਸ ਮਕਸਦ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨਾਲ ਜੁੜੀ ਰਿਪੋਰਟ ਅਨੁਸਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਦੋ ਹਿੱਸਿਆਂ ਵਿਚ ਕਰਵਾਏਗੀ। ਪਹਿਲਾ ਭਾਗ ਵੋਕੇਸ਼ਨਲ ਅਤੇ ਦੂਜਾ ਨਾਨ-ਵੋਕੇਸ਼ਨਲ ਹੋਵੇਗਾ। ਵੋਕੇਸ਼ਨਲ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ। ਇਸ ਲਈ ਪ੍ਰੀਖਿਆ ਨੂੰ ਫਰਵਰੀ 'ਚ ਆਯੋਜਿਤ ਕੀਤਾ ਜਾਵੇਗਾ। ਨਾਨ-ਵੋਕੇਸ਼ਨਲ ਦੀਆਂ ਪ੍ਰੀਖਿਆਵਾਂ ਨੂੰ ਬੋਰਡ ਮਾਰਚ 'ਚ ਆਯੋਜਿਤ ਕਰੇਗਾ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਹੁਣ ਪ੍ਰਾਬਲਮ ਸੌਲਵਿੰਗ ਅਤੇ ਵਿਸ਼ਲੇਸ਼ਣ ਪੈਟਰਨ ਦੇ ਹੋਣਗੇ। ਪ੍ਰਸ਼ਨ ਪੱਤਰ 'ਚ ਛੋਟੇ ਪ੍ਰਸ਼ਨਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਵਿਦਿਆਰਥੀਆਂ ਦੀ ਸੋਚਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ।

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ, ਡੀ.ਏ.ਵੀ. ਸਕੂਲ, ਸਮਾਣਾ ਦਾ ਕਹਿਣਾ ਹੈ ਕਿ ਪ੍ਰੀਖਿਆਵਾਂ ਦੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਦਬਾਅ ਮੁਕਤ ਰੱਖਣ ਲਈ ਸੀ.ਬੀ.ਐੱਸ. ਈ. ਆਪਣੀਆਂ ਨਵੀਨਤਮ ਯੋਜਨਾਵਾਂ ਬਣਾ ਰਿਹਾ ਹੈ ਪਰ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਜੋ ਸਮਾਂ ਦਿੱਤਾ ਜਾ ਰਿਹਾ ਹੈ। ਇਹ ਸ਼ਲਾਘਾਯੋਗ ਕਦਮ ਹੈ, ਕਿਉਂਕਿ ਬਦਲਾਅ ਦੇ ਮੁਤਾਬਕ ਬੱਚੇ ਵੀ ਆਪਣੀ ਪ੍ਰੀਖਿਆ ਦੀ ਤਿਆਰੀ ਬਦਲਦੇ ਪੈਟਰਨ ਦੇ ਮੁਤਾਬਕ ਕਰ ਸਕਦੇ ਹਨ, ਜਿਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਬੋਰਡ ਅਤੇ ਸਕੂਲਾਂ ਦਾ ਮਕਸਦ ਸਦਾ ਹੀ ਵਿਦਿਆਰਥੀਆਂ ਨੂੰ ਤਣਾਅਮੁਕਤ ਰੱਖਣਾ ਰਹਿੰਦਾ ਹੈ।