ਦ੍ਰੋਣਾਚਾਰਿਆ ਐਵਾਰਡੀ ਰੈਸਲਰ ਸੁਖਚੈਨ ਸਿੰਘ ਚੀਮਾ ਦੀ ਸੜਕ ਹਾਦਸੇ 'ਚ ਮੌਤ

01/11/2018 11:46:49 AM

ਪਟਿਆਲਾ, (ਇੰਦਰਜੀਤ ਬਕਸ਼ੀ)— ਦ੍ਰੋਣਾਚਾਰਿਆ ਐਵਾਰਡ ਨਾਲ ਸਨਮਾਨਤ ਰੈਸਲਰ ਅਤੇ ਕੋਚ ਸੁਖਚੈਨ ਸਿੰਘ ਚੀਮਾ ਦੀ ਕੱਲ ਰਾਤ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਜਿਸ ਨਾਲ ਖੇਡ ਜਗਤ 'ਚ ਮਾਤਮ ਦਾ ਮਾਹੌਲ ਹੈ ਕਿਉਂਕਿ ਸੁਖਚੈਨ ਸਿੰਘ ਚੀਮਾ ਨੇ ਰੈਸਲਿੰਗ ਨੂੰ ਉਤਸ਼ਾਹਤ ਕਰਨ ਦੇ ਲਈ ਕਾਫੀ ਮਿਹਨਤ ਕੀਤੀ ਸੀ। ਸੁਖਚੈਨ ਸਿੰਘ ਚੀਮਾ ਨੇ ਆਪਣੇ ਬਾਅਦ ਆਪਣੇ ਪੁੱਤਰ ਰੁਸਤਮ ਏ ਹਿੰਦ ਓਲੰਪੀਅਨ ਅਤੇ ਅਰਜੁਨ ਐਵਾਰਡੀ ਪਰਮਿੰਦਰ ਸਿੰਘ ਚੀਮਾ ਨੂੰ ਵੀ ਰੈਸਲਿੰਗ 'ਚ ਪਾਇਆ ਅਤੇ ਉਨ੍ਹਾਂ ਨੇ ਦੇਸ਼ ਲਈ ਕਈ ਐਵਾਰਡ ਜਿੱਤੇ।

ਜਾਣਕਾਰੀ ਮੁਤਾਬਕ ਸੁਖਚੈਨ ਸਿੰਘ ਚੀਮਾ ਮੇਨ ਰੋਡ ਤੋਂ ਕਿਤੇ ਜਾ ਰਹੇ ਸਨ ਕਿ ਇਕ ਤੇਜ਼ ਰਫਤਾਰ ਗੱਡੀ ਨੂੰ ਬਚਾਉਣ ਦੇ ਚਲਦੇ ਉਨ੍ਹਾਂ ਨੇ ਆਪਣੀ ਗੱਡੀ ਕਨਾਲ 'ਚ ਡਿਗਾ ਦਿੱਤੀ ਜਿਸ 'ਚ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਆਈਆਂ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਦੇ ਮੁਤਾਬਕ ਉਨ੍ਹਾਂ ਦੇ ਨਾਲ ਇਕ ਮਹਿਲਾ ਵੀ ਸੀ ਜੋ ਠੀਕ ਸੀ ਪਰ ਸੁਖਚੈਨ ਸਿੰਘ ਨੂੰ ਕਾਫੀ ਸੱਟਾ ਲੱਗੀਆਂ ਸਨ।

ਜ਼ਿਕਰਯੋਗ ਹੈ ਕਿ ਸੁਖਚੈਨ ਸਿੰਘ ਚੀਮਾ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰੈਸਲਿੰਗ ਨੂੰ ਸਮਰਪਿਤ ਹੈ। ਉਨ੍ਹਾਂ ਦੇ ਪਿਤਾ ਕੇਸਰ ਸਿੰਘ ਵੀ ਰੈਸਲਿੰਗ ਕਰਦੇ ਆਏ ਹਨ ਅਤੇ ਉਨ੍ਹਾਂ ਦਾ ਪੁੱਤਰ ਹੁਣ ਰੈਸਲਿੰਗ ਕਰਦਾ ਹੈ। ਸੁਖਚੈਨ ਸਿੰਘ ਚੀਮਾ ਨੇ ਰੈਸਲਿੰਗ ਨੂੰ ਉਤਸ਼ਾਹਤ ਕਰਨ ਦੇ ਲਈ ਆਪਣੇ ਘਰ ਇਕ ਰੈਸਲਿੰਗ ਅਕੈਡਮੀ ਵੀ ਬਣਾਈ ਹੋਈ ਸੀ, ਜਿੱਥੇ ਉਹ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦੇ ਸਨ। ਸੁਖਚੈਨ ਸਿੰਘ ਚੀਮਾ ਨੇ 1974 'ਚ ਤਹਿਰਾਨ ਏਸ਼ੀਆਈ ਖੇਡਾਂ 'ਚ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।