ਵਿਸ਼ਵ ਕਬੱਡੀ ਕੱਪ: ਯੂ. ਐੱਸ. ਏ. ਨੇ ਕੀਨੀਆ ਨੂੰ ਵੱਡੇ ਫਰਕ ਨਾਲ ਹਰਾਇਆ

12/05/2019 2:08:15 PM

ਬਠਿੰਡਾ: (ਬਲਵਿੰਦਰ) — ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2019 ਕਰਵਾਇਆ ਜਾ ਰਿਹਾ ਹੈ। ਅੱਜ ਬਠਿੰਡੇ ਦੇ ਸਪੋਰਟਸ ਸਟੇਡੀਅਮ 'ਚ ਪਹਿਲਾ ਮੈਚ ਯੂ. ਐੱਸ. ਏ ਅਤੇ ਕੀਨੀਆ ਵਿਚਾਲੇ ਖੇਡਿਆ ਗਿਆ, ਜਿੱਥੇ ਯੂ. ਐੱਸ. ਏ. ਦੀ ਟੀਮ ਨੇ ਕੀਨੀਆ ਨੂੰ 19 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ। ਯੂ. ਐੱਸ. ਏ. ਦੀ ਟੀਮ ਨੇ 50 ਅੰਕ ਅਤੇ ਕੀਨੀਆ ਨੇ 31 ਅੰਕ ਹਾਸਲ ਕੀਤੇ ਸਨ। ਵਿਸ਼ਵ ਕਬੱਡੀ ਕੱਪ 'ਚ ਪਹਿਲੀ ਵਾਰ ਸ਼ਿਰਕਤ ਕਰ ਰਹੀ ਕੀਨੀਆ ਦੀ ਟੀਮ ਨੇ ਇਸ ਮੈਚ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆ ਦਾ ਦਿਲ ਜਿੱਤ ਲਿਆ। ਇਸ ਮੈਚ 'ਚ ਕੀਨੀਆ ਦੀ ਟੀਮ ਦਾ ਰੈਂਬੋ ਨਾਂ ਦਾ ਖਿਡਾਰੀ ਆਪਣੀ ਖੇਡ ਨਾਲ ਮਸ਼ਹੂਰ ਹੋਇਆ ਅਤੇ ਦਰਸ਼ਕਾਂ ਨੇ ਇਸ ਮੈਚ 'ਚ ਰੱਜ ਕੇ ਸਪੋਰਟ ਕੀਤੀ।
ਇਸ ਮੈਚ 'ਚ ਦੋਵਾਂ ਟੀਮਾਂ ਨੇ ਜ਼ੋਰਦਾਰ ਸ਼ੁਰੂਆਤ ਕੀਤੀ। ਮੈਚ ਦੀ ਸ਼ੁਰੂਆਤ 'ਚ 'ਹੀ ਯੂ. ਐੱਸ. ਏ. ਨੇ ਕੀਨੀਆ ਖਿਲਾਫ 3-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਕੀਨੀਆ ਨੇ ਵੀ ਆਪਣਾ ਜ਼ੋਰ ਦਿਖਾਇਆ ਅਤੇ ਯੂ. ਐੱਸ. ਏ. ਨੂੰ ਸਖਤ ਟੱਕਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਵਾਟਰ ਬ੍ਰੇਕ ਤੱਕ ਯੂ. ਐੱਸ. ਏ. ਨੇ ਕੀਨੀਆ ਖਿਲਾਫ ਚੰਗੀ ਬੜ੍ਹਤ ਬਣਾਉਂਦੇ ਹੋਏ ਆਪਣੇ ਖਾਤੇ 'ਚ 12 ਅੰਕ ਜੋੜੇ ਅਤੇ ਕੀਨੀਆ ਨੇ ਆਪਣੇ 8 ਅੰਕ ਹਾਸਲ ਕੀਤੇ। ਵਾਟਰ ਬ੍ਰੇਕ ਤੋਂ ਬਾਅਦ ਵੀ ਯੂ. ਐੱਸ. ਏ. ਆਪਣੀ ਲੈਅ ਬਰਕਰਾਰ ਰੱਖੀ। ਕੀਨੀਆ ਨੇ ਵੀ ਅੰਕਾ ਦੇ ਫਰਕ ਨੂੰ ਘੱਟ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮੈਚ ਦੇ ਹਾਫ ਟਾਈਮ ਤਕ 15 ਅੰਕ ਜੋੜੇ। ਅਮਰੀਕਾ ਦੀ ਟੀਮ ਨੇ ਆਫ ਟਾਈਮ ਤੱਕ 25 ਅੰਕਾਂ ਨਾਲ ਇਸ ਮੈਚ 'ਚ ਅੱਗੇ ਰਹੀ। ਹਾਫ ਟਾਈਮ ਤੋਂ ਬਾਅਦ ਦੋਵੇਂ ਟੀਮਾਂ ਇਕ ਵਾਰ ਫਿਰ ਮੈਦਾਨ 'ਤੇ ਆਹਣੇ ਸਾਹਮਣੇ ਹੋਈਆ। ਹਾਫ ਟਾਈਮ ਤੋਂ ਬਾਅਦ ਯੂ. ਐੱਸ. ਏ. ਦੀ ਟੀਮ ਨੇ ਆਪਣੀ ਖੇਡ 'ਚ ਤੇਜ਼ੀ ਲਿਆਉਂਦੇ ਹੋਏ ਕੀਨੀਆ ਖਿਲਾਫ ਲਗਾਤਾਰ ਅੰਕ ਜੋੜੇ ਅਤੇ ਵੱਡੀ 40-24 ਅੰਕਾਂ ਨਾਲ ਵੱਡੀ ਬੜ੍ਹਤ ਹਾਸਲ ਕਰ ਮੈਚ 'ਤੇ ਮਜ਼ਬੂਤ ਫੜ੍ਹ ਬਣਾ ਲਈ। ਇਸ ਦੌਰਾਨ ਮੈਚ 'ਚ ਇਕ ਦਰਦਨਾਕ ਘਟਨਾ ਵਾਪਰੀ ਜਿਸ ਕਰਕੇ ਕੁਝ ਸਮੇਂ ਲਈ ਮੈਚ ਰੋਕ ਦਿੱਤਾ ਗਿਆ। ਦਰਅਸਲ ਮੈਚ 'ਚ ਕੀਨੀਆ ਦੇ ਰੈਂਬੋ ਨਾਂ ਦੇ ਖਿਡਾਰੀ ਦਾ ਸਿਰ ਜ਼ਮੀਨ 'ਤੇ ਜ਼ੋਰ ਨਾਲ ਵੱਜਿਆ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਬਾਅਦ 'ਚ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। ਇਸ ਘਟਨਾ ਤੋਂ ਬਾਅਦ ਮੈਚ ਦੁਬਾਰਾ ਸ਼ੁਰੂ ਹੋਇਆ ਅਤੇ ਕੀਨੀਆਈ ਟੀਮ ਨੇ ਮੈਚ 'ਚ ਵਾਪਸੀ ਕਰਨ ਲਈ ਕੁਝ ਅੰਕ ਆਪਣੇ ਖਾਤੇ 'ਚ ਜੋੜੇ ਪਰ ਉਹ ਮੈਚ 'ਚ ਅੰਕਾਂ ਦੇ ਇਸ ਫਰਕ ਨੂੰ ਘੱਟ ਕਰਨ 'ਚ ਨਾਕਾਮਯਾਬ ਰਹੀ। ਆਖਿਰ 'ਚ ਯੂ. ਐੱਸ. ਏ. ਨੇ ਕੀਨੀਆ 'ਤੇ 50-31 ਅੰਕਾ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।

ਅੱਜ ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਬੜੀ ਹੀ ਧੂਮ ਧਾਮ ਨਾਲ ਸਪੋਰਟਸ ਸਟੇਡੀਅਮ ਬਠਿੰਡੇ ਵਿਖੇ ਗੁਬਾਰੇ ਛੱਡ ਕੇ ਕੀਤਾ ਗਿਆ। ਇਸ ਇਸ ਖਾਸ ਮੌਕੇ 'ਤੇ ਡੀ. ਸੀ. ਸ਼੍ਰੀ ਨਿਵਾਸਨ, ਕਾਂਗਰਸ ਪ੍ਰੈਜ਼ੀਡੈਂਟ ਅਰੁਣ ਵਧਾਵਨ ਅਤੇ ਚੇਅਰਮੈਨ ਆਈ. ਐੱਮ. ਪੀ. ਟਰਸਟ ਦੇ ਕੇ.ਕੇ ਅਗਰਵਾਲ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ। ਬੀਤੇ ਦਿਨ ਗੁਰੂਹਰਸਹਾਏ ਵਿਖੇ ਤਿੰਨ ਮੁਕਾਬਲੇ ਖੇਡੇ ਗਏ। ਪਹਿਲਾ ਮੁਕਾਬਲਾ ਭਾਰਤ ਅਤੇ ਸ਼੍ਰੀਲੰਕਾ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿਚ ਭਾਰਤ ਨੇ 63 ਅਤੇ ਸ਼੍ਰੀਲੰਕਾ ਸਿਰਫ 22 ਅੰਕ ਹੀ ਹਾਸਲ ਕਰ ਸਕੀ ਅਤੇ ਭਾਰਤ ਨੇ ਵੱਡੇ ਫਰਕ ਨਾਲ ਮੈਚ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਦੂਜਾ ਮੈਚ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਇੰਗਲੈਂਡ ਨੇ ਆਸਟਰੇਲੀਆ ਨੂੰ 44-33 ਅੰਕਾਂ ਨਾਲ ਹਰਾ ਦਿੱਤਾ। ਤੀਜਾ ਤੇ ਆਖਰੀ ਮੈਚ ਨਿਊਜ਼ੀਲੈਂਡ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਕੈਨੇਡਾ ਨੇ 43 ਅੰਕ ਅਤੇ ਨਿਊਜ਼ੀਲੈਂਡ 34 ਅੰਕ ਹਾਸਲ ਕੀਤੇ ਸਨ ।ਜਿਥੇ ਕੈਨੇਡਾ ਦੇ ਨਿਊਜ਼ੀਲੈਂਡ ਨੂੰ 9 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ। 

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।