ਮਨਪ੍ਰੀਤ ਨੇ ਆਲਮੀ ਘਰਾਣਿਆਂ ਨੂੰ ਸੂਬੇ ''ਚ ਵਪਾਰ ਪੱਖੀ ਮਾਹੌਲ ਬਾਰੇ ਜਾਣੂੰ ਕਰਾਇਆ

01/25/2019 8:53:37 AM

ਚੰਡੀਗੜ੍ਹ/ਡਾਵੋਸ : 'ਵਰਲਡ ਇਕਨਾਮਿਕ ਫੋਰਮ' ਦੇ ਡਾਵੋਸ 'ਚ ਚੱਲ ਰਹੇ ਸੰਮੇਲਨ ਵਿੱਚ ਤੀਜੇ ਦਿਨ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੇ ਸੂਬੇ ਵਿੱਚ ਨਿਵੇਸ਼ ਲਈ ਆਲਮੀ ਸਨਅਤਾਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਵਣਜ ਤੇ ਉਦਯੋਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਸ਼ਾਮਲ ਹਨ। ਇਸ ਮੌਕੇ ਵਿੱਤ ਮੰਤਰੀ ਨੇ ਵੱਖ-ਵੱਖ ਸੈਸ਼ਨਾਂ ਵਿੱਚ ਕਈ ਆਲਮੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਵਪਾਰਕ ਅਤੇ ਸਨਅਤੀ ਗਤੀਸ਼ੀਲਤਾ ਦੇ ਵਿਸ਼ਿਆਂ 'ਤੇ ਦੋ ਸੈਸ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਵਾਸਤੇ ਸਨਅਤਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਪੰਜਾਬ ਦੇ ਵਫ਼ਦ ਨੇ ਕਈ ਨਾਮੀਂ ਸਨਅਤੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਖਾਸ ਤੌਰ 'ਤੇ ਆਈ.ਟੀ., ਆਟੋਮੋਬਾਈਲ-ਈ ਵਹੀਕਲ, ਨਵਿਆਉਣਯੋਗ ਊਰਜਾ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਅਪਾਰ ਸੰਭਾਵਨਾਵਾਂ ਬਾਰੇ ਜਾਣੂ ਕਰਾਇਆ। ਵਫਦ ਨੇ ਆਲਮੀ ਵਪਾਰਕ ਆਗੂਆਂ ਨਾਲ ਨਤੀਜਾਦਾਇਕ ਮੀਟਿੰਗਾਂ ਕੀਤੀਆਂ। ਪ੍ਰਮੁੱਖ ਵਪਾਰਕ ਆਗੂਆਂ ਵਿੱਚ ਨੈਸਲੇ ਦੇ ਕਾਰਜਕਾਰੀ ਉਪ ਮੁਖੀ ਅਤੇ ਸੀ. ਈ. ਓ. ਏਸ਼ੀਆ, ਓਸ਼ਨੀਆ ਅਤੇ ਸਬ ਸਹਾਰਨ ਅਫਰੀਕਾ ਕ੍ਰਿਸ ਜੌਹਨਸਨ, ਨੈਸਪਰਜ਼ ਦੇ ਉਪ ਮੁਖੀ, ਕਾਰਪੋਰੇਟ ਮਾਮਲੇ ਅਤੇ ਜਨਤਕ ਨੀਤੀ ਡ੍ਰਿਕ ਡੈਲਮਾਰਟਿਨੋ, ਜੇ.ਬੀ.ਐਮ. ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਨਿਸ਼ਾਂਤ ਆਰਿਆ ਅਤੇ ਅਵਾਦਾ ਦੇ ਭਾਵਿਨ ਸ਼ਾਹ (ਨੀਤੀਘਾੜਾ) ਅਤੇ ਨਿਤਿਨ ਮਿੱਤਲ (ਉਪ ਮੁਖੀ ਕਾਰਪੋਰੇਟ ਵਿੱਤ) ਸ਼ਾਮਲ ਹਨ।
ਇਸ ਮੌਕੇ ਵਿੱਤ ਮੰਤਰੀ ਨੇ ਨੈਸਲੇ ਦੇ ਉਚ ਅਧਿਕਾਰੀਆਂ ਨਾਲ ਸੂਬੇ ਵਿੱਚ ਅਪਰੇਸ਼ਨ ਨੂੰ ਵਿਸਥਾਰ ਦੇਣ ਦੀ ਯੋਜਨਾ ਅਤੇ  ਸੰਭਾਵਨਾਵਾਂ 'ਤੇ ਧਿਆਨ ਕੇਂਦਰਿਤ ਕੀਤਾ। ਉਨ•ਾਂ ਕੱਚੇ ਮਾਲ ਦੀ ਖਰੀਦ, ਡਿਪ ਪ੍ਰੋਡਕਸ਼ਨ ਪਲਾਂਟ ਅਤੇ ਪਾਲਤੂ ਜਾਨਵਰਾਂ ਦੀ ਖੁਰਾਕ ਦੇ ਨਿਰਮਾਣ ਦੀਆਂ ਪੰਜਾਬ ਵਿੱਚ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਨੈਸਲੇ ਨੇ ਭਾਰਤ ਵਿੱਚ ਆਪਣਾ ਪਹਿਲਾ ਪਲਾਂਟ ਮੋਗਾ (ਪੰਜਾਬ) ਵਿੱਚ 1961 ਵਿੱਚ ਸਥਾਪਤ ਕੀਤਾ ਸੀ। ਸੂਬੇ ਵਿੱਚ ਸਾਫ ਸੁਥਰੀ ਊਰਜਾ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਵਫਦ ਨੇ ਜੇ. ਬੀ. ਐਮ. ਗਰੁੱਪ ਅਤੇ ਅਵਾਦਾ ਨਾਲ ਗੁਫ਼ਤਗੂ ਕੀਤੀ। ਈ-ਵਾਹਨਾਂ ਤੇ ਵਾਹਨਾਂ ਦੇ ਪੁਰਜ਼ਿਆਂ ਦੇ ਨਿਰਮਾਣ ਬਾਰੇ ਉਦਯੋਗ ਸਥਾਪਤ ਕਰਨ ਲਈ ਜੇ.ਬੀ.ਐਮ. ਗਰੁੱਪ ਦੇ ਨਿਸ਼ਾਂਤ ਆਰਿਆ ਨੂੰ ਲੁਧਿਆਣਾ ਅਤੇ ਸੂਬੇ ਦੇ ਹੋਰ ਖੇਤਰਾਂ ਵਿੱਚ ਨਿਵੇਸ਼ ਮੌਕਿਆਂ ਬਾਰੇ ਜਾਣੂ ਕਰਾਇਆ।

ਕੁਦਰਤੀ ਹਵਾ ਅਤੇ ਸੂਰਜੀ ਊਰਜਾ ਨਾਲ ਸਬੰਧਤ ਖੇਤਰਾਂ ਦੀ ਮੁਹਾਰਤ ਰੱਖਦੀ ਅਵਾਦਾ ਕੰਪਨੀ ਨਾਲ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਮੁਹਾਲੀ ਵਿੱਚ ਸਥਾਪਤ ਹੋਣ ਵਾਲੀ ਆਈ.ਟੀ. ਸਿਟੀ ਵਿੱਚ ਨਿਵੇਸ਼ ਲਈ ਨੈਸਪਰਜ਼ ਕੰਪਨੀ ਨੂੰ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਨੈਸਪਰਜ਼ ਵਿਸ਼ਵ ਪੱਧਰ 'ਤੇ ਟੈਕਨਾਲੋਜੀ ਖੇਤਰ ਵਿੱਚ ਨਿਵੇਸ਼ ਕਰਨ ਵਾਲੀ ਇਕ ਨਾਮੀਂ ਕੰਪਨੀ ਹੈ। ਜ਼ਿਕਰਯੋਗ ਹੈ ਕਿ ਵਰਲਡ ਇਕਨਾਮਿਕ ਫੋਰਮ ਸੰਮੇਲਨ ਦੇ ਬਾਕੀ ਬਚਦੇ ਦੋ ਦਿਨਾਂ ਦੌਰਾਨ ਪੰਜਾਬ ਦੇ ਵਫ਼ਦ ਵੱਲੋਂ ਆਲਮੀ ਸਨਅਤੀ ਆਗੂਆਂ ਨਾਲ ਮੀਟਿੰਗ ਅਤੇ ਵਿਚਾਰ ਵਟਾਂਦਰਿਆਂ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਆਲਮੀ ਮਹੱਤਤਾ ਵਾਲੇ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ।

Babita

This news is Content Editor Babita