ਵਿਸ਼ਵ ਧਰਤੀ ਦਿਵਸ ''ਤੇ ਵਿਸ਼ੇਸ਼ : ਧਰਤੀ ਦੀ ਸੰਭਾਲ ਸਬੰਧੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਲੋਕ

04/22/2019 3:38:13 PM

ਗੁਰਦਾਸਪੁਰ (ਹਰਮਨਪ੍ਰੀਤ) : ਦੁਨੀਆਂ ਦੇ 192 ਦੇਸ਼ਾਂ 'ਚ ਪਿਛਲੇ 5 ਦਹਾਕਿਆਂ ਤੋਂ ਹਰੇਕ ਸਾਲ 22 ਅਪ੍ਰੈਲ ਨੂੰ 'ਵਿਸ਼ਵ ਧਰਤੀ ਦਿਵਸ' ਮਨਾਉਣ ਦੇ ਬਾਵਜੂਦ ਬੇਸ਼ੱਕ ਅੱਜ ਕਰੋੜਾਂ ਲੋਕ ਇਸ ਦਿਹਾੜੇ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਨਾਲ ਜੁੜ ਚੁੱਕੇ ਹਨ। ਪਰ ਦੂਜੇ ਪਾਸੇ ਜੇਕਰ ਹੇਠਲੇ ਪੱਧਰ 'ਤੇ ਧਰਤੀ ਦੀ ਸੰਭਾਲ ਪ੍ਰਤੀ ਲੋਕਾਂ ਦੇ ਰੁਝਾਨ ਦੀ ਘੋਖ ਕੀਤੀ ਜਾਵੇ ਤਾਂ ਅਜੇ ਵੀ ਬਹੁ ਗਿਣਤੀ ਲੋਕਾਂ ਦੇ ਮਨਾਂ 'ਚ ਧਰਤੀ, ਵਾਤਾਵਰਣ ਅਤੇ ਕੁਦਰਤੀ ਸੋਮਿਆ ਦੀ ਸਾਂਭ-ਸੰਭਾਲ ਪ੍ਰਤੀ ਕੋਈ ਵੀ ਧਿਆਨ ਨਹੀਂ ਹੈ। ਅਜਿਹੀ ਸਥਿਤੀ ਜਦੋਂ ਲੋਕ ਧਰਤੀ ਨੂੰ ਬਚਾਉਣ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਤਾਂ ਨਤੀਜੇ ਵਜੋਂ ਵਾਤਾਵਰਣ ਨਾਲ ਸਬੰਧਿਤ ਖਤਰੇ ਦਿਨੋਂ-ਦਿਨ ਵਧ ਰਹੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਪ੍ਰਦੂਸ਼ਣ ਦਿਨੋਂ-ਦਿਨ ਵਧ ਰਿਹਾ ਹੈ, ਦਰਖਤਾਂ ਦੀ ਕਟਾਈ ਰੁਕਣ ਦਾ ਨਾਮ ਨਹੀਂ ਲੈ ਰਹੀ, ਪਰ ਨਵੇਂ ਦਰਖਤ ਲਾਉਣ ਦਾ ਮਾਮਲਾ ਸਿਰਫ ਖਾਨਾਪੂਰਤੀ ਤੱਕ ਸੀਮਤ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ 'ਚ ਦੁਨੀਆ ਦੇ ਕੁਝ ਦੇਸ਼ਾਂ ਦੇ ਜ਼ਿੰਮੇਵਾਰ ਲੋਕਾਂ ਨੇ ਤਾਂ ਆਪਣੇ-ਆਪਣੇ ਦੇਸ਼ਾਂ ਦੀ ਧਰਤੀ ਅਤੇ ਪਾਣੀ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਆਪਣੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਭਾਰਤ 'ਚ ਅਜੇ ਵੀ ਅਜਿਹਾ ਰੁਝਾਨ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ।

ਜਾਗਰੂਕ ਨਹੀਂ ਹੋ ਰਹੇ ਭਾਰਤ ਵਾਸੀ
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਰਹਿਣ ਵਾਲੇ ਲੋਕਾਂ ਨੇ ਹੋਰ ਵਿਕਸਿਤ ਦੇਸ਼ਾਂ ਦੀ ਨਕਲ ਕਰਦਿਆਂ ਆਪਣੀ ਜੀਵਨਸ਼ੈਲੀ ਤੇ ਸੋਚ 'ਚ ਕਈ ਬਦਲਾਅ ਲਿਆਂਦੇ ਹਨ। ਪਰ ਵਾਤਾਵਰਣ ਨੂੰ ਬਚਾਉਣ ਤੇ ਸੰਭਾਲਣ ਦੇ ਮਾਮਲੇ 'ਚ ਭਾਰਤ ਵਾਸੀ ਪੱਛੜਦੇ ਜਾ ਰਹੇ ਹਨ। ਦੁਨੀਆ ਭਰ ਦੀ ਧਰਤੀ ਦਾ 2.4 ਫੀਸਦੀ ਹਿੱਸਾ ਭਾਰਤ ਕੋਲ ਹੈ, ਜਿਸ 'ਤੇ ਦੁਨੀਆਂ ਦੇ ਕੁੱਲ ਕੁਦਰਤੀ ਸੋਮਿਆ ਦਾ ਡੇਢ ਫੀਸਦੀ ਹਿੱਸਾ ਹੈ। ਭਾਰਤ ਦੀ ਇਹ ਧਰਤੀ 8 ਫੀਸਦੀ ਜੀਵ ਵਿਭਿੰਨਤਾ ਨਾਲ ਭਰਪੂਰ ਹੈ, ਜਿੱਥੇ ਦੁਨੀਆਂ ਦੀ ਕੁੱਲ ਆਬਾਦੀ ਦਾ 16 ਫੀਸਦੀ ਹਿੱਸਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ 'ਚ ਪ੍ਰਤੀ ਵਰਗ ਕਿਲੋਮੀਟਰ ਵਸੋਂ 265 ਵਿਅਕਤੀ ਹੈ। ਪਰ ਇੱਥੇ ਜੰਗਲਾ ਹੇਠ ਰਕਬਾ ਸਿਰਫ 19.5 ਫੀਸਦੀ ਹੋਣ ਕਾਰਨ ਦਿਨੋਂ ਦਿਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
 

Anuradha

This news is Content Editor Anuradha