ਲੇਬਰ ਇੰਸਪੈਕਟਰ ਗੁਰਦਾਸਪੁਰ ਵਿਰੁੱਧ ਕਿਰਤੀਆਂ ਨੇ ਸੰਘਰਸ਼ ਦਾ ਕੀਤਾ ਐਲਾਨ

Tuesday, Oct 31, 2017 - 01:40 AM (IST)

ਗੁਰਦਾਸਪੁਰ,  (ਵਿਨੋਦ)-   ਉਸਾਰੀ ਕਿਰਤੀਆਂ ਨੂੰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਤੈਅ ਸਕੀਮਾਂ ਤਹਿਤ ਮਿਲਣ ਵਾਲੇ ਲਾਭਾਂ ਸਬੰਧੀ ਲੇਬਰ ਇੰਸਪੈਕਟਰ ਗੁਰਦਾਸਪੁਰ ਵੱਲੋਂ ਕਿਰਤੀਆਂ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ਅਤੇ ਵਿਤਕਰੇ ਵਾਲੇ ਰਵੱਈਏ ਵਿਰੁੱਧ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। 
ਕੀ ਕਹਿਣਾ ਹੈ ਜ਼ਿਲਾ ਪ੍ਰਧਾਨ ਦਾ 
ਇਫਟੂ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਰਾਣਾ ਨੇ ਦੱਸਿਆ ਕਿ ਜੇ ਉਸਾਰੀ ਕਿਰਤੀਆਂ ਦੇ ਇਨ੍ਹਾਂ ਮਸਲਿਆਂ ਦਾ 10 ਨਵੰਬਰ ਤੱਕ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਕਿਰਤ ਦਫ਼ਤਰ ਦੇ ਸਾਹਮਣੇ ਲੇਬਰ ਇੰਸਪੈਕਟਰ ਦੇ ਵਿਰੁੱਧ ਲਗਾਤਾਰ ਧਰਨਾ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਰਜਿਸਟਰ ਉਸਾਰੀ ਕਿਰਤੀਆਂ ਨੂੰ ਸਕੀਮਾਂ ਤਹਿਤ ਮਿਲਣ ਵਾਲੇ ਲਾਭਾਂ ਸਬੰਧੀ ਲੇਬਰ ਇੰਸਪੈਕਟਰ ਨੇ 3-5-17 ਨੂੰ ਮੀਟਿੰਗ ਕੀਤੀ ਸੀ, ਜਿਸ ਵਿਚ ਕੁਝ ਕੇਸ ਪਾਸ ਕੀਤੇ ਸਨ। ਉਸ ਤੋਂ ਬਾਅਦ ਮੀਟਿੰਗ ਨਹੀਂ ਕੀਤੀ, ਜਦਕਿ ਕੇਸ ਪਾਸ ਕਰਨ ਵਾਸਤੇ ਸਾਲ ਵਿਚ ਤਿੰਨ ਮੀਟਿੰਗਾਂ ਲਾਜ਼ਮੀ ਹਨ।
ਕੀ ਹਨ ਕਿਰਤੀਆਂ ਦੇ ਮਸਲੇ 
ਉਨ੍ਹਾਂ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫੇ ਦੇ ਸਬੰਧ ਵਿਚ ਉਨ੍ਹਾਂ ਦੀ ਜਥੇਬੰਦੀ ਨੇ 3724 ਕੇਸ ਵਜ਼ੀਫ਼ਾ ਸੈਸ਼ਨ 2016-17 ਲੇਬਰ ਦਫ਼ਤਰ ਨੂੰ ਦਿੱਤੇ ਹੋਏ ਸਨ। ਜਿਨ੍ਹਾਂ ਵਿਚੋਂ ਸਿਰਫ਼ 308 ਕੇਸ ਹੀ ਪਾਸ ਕੀਤੇ ਹਨ।ਇਸ ਤਰ੍ਹਾਂ ਜਣੇਪੇ ਦੇ ਲਾਭ ਸਬੰਧੀ 29 ਕੇਸ ਦਿੱਤੇ ਸਨ ਤੇ 13 ਪਾਸ ਕੀਤੇ ਹਨ, ਬਾਲੜੀ ਤੋਹਫ਼ਾ ਸਕੀਮ ਦੇ 13 ਵਿਚੋਂ ਕੋਈ ਪਾਸ ਨਹੀਂ ਕੀਤਾ ਐਨਕਾਂ ਅਤੇ ਦੰਦ ਲਗਾਉਣ ਦੀ ਸਕੀਮ ਦੇ 10 ਕੇਸਾਂ ਵਿਚੋਂ ਕੋਈ ਪਾਸ ਨਹੀਂ, ਅੰਤਿਮ ਸਸਕਾਰ ਦੀ ਸਕੀਮ ਦੇ ਲਾਭ ਦੇ 101 ਕੇਸ ਦਿੱਤੇ ਸਨ ਸਿਰਫ਼ 49 ਪਾਸ ਕੀਤੇ ਹਨ, ਐਕਸਗ੍ਰੇਸ਼ੀਆਂ ਦੇ 17 ਵਿਚੋਂ 7 ਪਾਸ ਕੀਤੇ ਹਨ, ਅਪੰਗਤਾ ਦੇ 11 ਕੇਸਾਂ ਵਿਚੋਂ ਕੋਈ ਪਾਸ ਨਹੀਂ, ਸ਼ਗਨ ਸਕੀਮ ਦੇ 148 ਕੇਸਾਂ ਵਿਚੋਂ 50 ਪਾਸ ਕੀਤੇ ਹਨ, ਸਰਜਰੀ ਦੇ 85 ਕੇਸਾਂ ਵਿਚੋਂ 23 ਪਾਸ ਕੀਤੇ ਹਨ, ਜਦਕਿ ਸਾਰੇ ਕੇਸ ਦਫ਼ਤਰ ਦੀਆਂ ਫਾਈਲਾਂ ਵਿਚ ਪਏ ਹਨ, ਉਨ੍ਹਾਂ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਜਨਵਰੀ-ਫਰਵਰੀ 2017 ਵਿਚ ਲਾਭਪਾਤਰੀਆਂ ਨੂੰ ਦੇਣ ਲਈ ਗੁਰਦਾਸਪੁਰ ਦਫ਼ਤਰ ਨੂੰ 800 ਸਾਈਕਲ ਆਏ ਸਨ, ਜਿਨ੍ਹਾਂ ਵਿਚੋਂ ਦੋ ਸੌ ਤੋਂ ਵੱਧ ਅਜੇ ਤੱਕ ਲਾਭਪਾਤਰੀਆਂ ਨੂੰ ਦਿੱਤੇ ਹੀ ਨਹੀਂ ਗਏ ਜੋ ਕਿਸੇ ਬੰਦ ਪਏ ਸੈਲਰ ਦੇ ਸਟੋਰ ਵਿਚ ਪਏ ਖਰਾਬ ਹੋ ਰਹੇ ਹਨ।
ਕੀ ਕਹਿਣਾ ਹੈ ਯੂਨੀਅਨ ਆਗੂਆਂ ਦਾ 
ਇਸ ਮੌਕੇ ਆਗੂ ਸੁਖਦੇਵ ਬਹਿਰਾਮਪੁਰ, ਗੁਰਮੀਤ ਰਾਜ, ਅਸ਼ੋਕ ਕੁਮਾਰ, ਸੰਦੀਪ ਕੁਮਾਰ, ਭੁਪਿੰਦਰ ਸਿੰਘ ਪੱਪੀ, ਸੰਸਾਰ ਸਿੰਘ, ਸੋਹਨ ਲਾਲ, ਮੁਖਤਿਆਰ ਸਿੰਘ ਆਦਿ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਾਰਾ ਕੁਝ ਇੰਸਪੈਕਟਰ ਵੱਲੋਂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ, ਇਸ ਨਾਲ ਕਿਰਤੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਇੰਸਪੈਕਟਰ ਦੇ ਇਸ ਵਤੀਰੇ ਵਿਰੁੱਧ, ਇਨ੍ਹਾਂ ਕੇਸਾਂ ਸਬੰਧੀ ਇਕ ਪੱਤਰ ਸਕੱਤਰ ਕੰਸਟ੍ਰਕਸ਼ਨ ਵਰਕਸ ਵੈੱਲਫੇਅਰ ਬੋਰਡ ਪੰਜਾਬ ਚੰਡੀਗੜ੍ਹ ਨੂੰ ਲਿਖ ਕੇ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।


Related News