ਸਰਕਾਰੀ ਸਕੂਲ ਬਣਿਆ ਜੰਗ ਦਾ ਮੈਦਾਨ, ਦੋ ਮਹਿਲਾ ਅਧਿਆਪਕਾਂ ਭਿੜੀਆਂ (ਵੀਡੀਓ)

11/21/2019 10:11:01 AM

ਫਿਰੋਜ਼ਪੁਰ ( ਸੰਨੀ, ਕੁਮਾਰ) - ਕੈਨਾਲ ਕਾਲੋਨੀ ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੀਤੇ ਦਿਨ ਸਵੇਰੇ 2 ਮਹਿਲਾ ਅਧਿਆਪਕਾਂ ਦੀ ਆਪਸ ’ਚ ਜ਼ਬਰਦਸਤ ਲੜਾਈ ਹੋ ਗਈ। ਦੋਵੇਂ ਅਧਿਆਪਕਾਵਾਂ ਇਕ-ਦੂਸਰੇ ਨੂੰ ਮਾਰਦੀਆਂ ਜ਼ਮੀਨ ’ਤੇ ਡਿੱਗ ਗਈਆਂ, ਜਿਨ੍ਹਾ ਨੂੰ ਜ਼ਖਮੀ ਹਾਲਤ ’ਚ ਫਿਰੋਜ਼ਪੁਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਦੀ ਇਸ ਘਟਨਾ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਜਿਹੇ ਹਾਲਾਤ ’ਚ ਕੀ ਸੰਸਕਾਰ ਮਿਲਣਗੇ ਅਤੇ ਕੀ ਪੜ੍ਹਾਈ ਕਰਨਗੇ। 

ਜਾਣਕਾਰੀ ਅਨੁਸਾਰ ਦੋਵਾਂ ਮਹਿਲਾ ਅਧਿਆਪਕਾਂ ਵਲੋਂ ਇਕ-ਦੂਸਰੇ ’ਤੇ ਦੋਸ਼ ਲਾਏ ਜਾ ਰਹੇ ਹਨ ਅਤੇ ਖੁਦ ਨੂੰ ਬੇਗੁਨਾਹ ਦੱਸਦੇ ਹੋਏ ਦੂਸਰੇ ਪੱਖ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਪਰਕ ਕਰਨ ’ਤੇ ਡਿਪਟੀ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਚੰਡੀਗੜ੍ਹ ’ਚ ਹਨ। ਇਸ ਘਟਨਾ ਨੂੰ ਲੈ ਕੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਹਰਿੰਦਰ ਸਿੰਘ ਵਲੋਂ ਸਕੂਲ ਦੇ ਮਾਹੌਲ ਨੂੰ ਠੀਕ ਰੱਖਣ ਲਈ ਸਕੂਲ ਦੇ ਵਿਵਾਦਤ ਤਿੰਨਾਂ ਅਧਿਆਪਕਾਂ ਦਾ ਇਕ ਵਾਰ ਕਿਸੇ ਦੂਸਰੇ ਸਕੂਲ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਨੂੰ ਇਕ ਵਾਰ ਆਰਜ਼ੀ ਤੌਰ ’ਤੇ ਇਧਰ-ਉਧਰ ਕਰ ਦਿੱਤਾ ਗਿਆ ਹੈ।

ਅਧਿਆਪਕਾ ਰਾਜਵੀਰ ਕੌਰ ਦਾ ਪੱਖ
ਅਧਿਆਪਕ ਰਾਜਵੀਰ ਕੌਰ ਨੇ ਅਧਿਆਪਕ ਪਰਮਜੀਤ ਕੌਰ ਅਤੇ ਇਸੇ ਸਕੂਲ ’ਚ ਤਾਇਨਾਤ ਉਸ ਦੇ ਪਤੀ ਅਧਿਆਪਕ ਗੁਰਜੀਤ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਵੇਰੇ ਸਕੂਲ ’ਚ ਉਸ ਨੂੰ ਕੁੱਟਿਆ। ਉਸ ਦੇ ਵਾਲ ਖਿੱਚੇ ਅਤੇ ਜ਼ਮੀਨ ’ਤੇ ਡੇਗ ਕੇ ਕੁੱਟ-ਮਾਰ ਕਰਨ ’ਚ ਗੁਰਜੀਤ ਸਿੰਘ ਨੇ ਆਪਣੀ ਪਤਨੀ ਦੀ ਮਦਦ ਕੀਤੀ। ਉਸ ਨੇ ਕਿਹਾ ਕਿ ਉਸ ਦੀ ਚੈਸਟ ਵਿਚ ਦਰਦ ਹੋਣ ’ਤੇ ਉਸ ਦੀ ਸੱਸ ਵਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਦਾਖਲ ਕਰਵਾਇਆ ਗਿਆ।

ਪਤੀ-ਪਤਨੀ ਦੋਵਾਂ ਅਧਿਆਪਕਾਂ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਅਧਿਆਪਕਾ ਪਰਮਜੀਤ ਕੌਰ ਅਤੇ ਉਸ ਦੇ ਪਤੀ ਗੁਰਜੀਤ ਸਿੰਘ ਨੇ ਅਧਿਆਪਕਾ ਰਾਜਵੀਰ ਕੌਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਗਲਤ ਦੱਸਦਿਆਂ ਖੁਦ ਨੂੰ ਬੇਗੁਨਾਹ ਦੱਸਿਆ ਹੈ। ਉਨ੍ਹਾਂ ਆਪਣਾ ਪੱਖ ਦਿੰਦਿਆਂ ਕਿਹਾ ਕਿ ਰੈਸ਼ਨੇਲਾਈਜ਼ੇਸ਼ਨ ਦੀ ਪਾਲਿਸੀ ਸਰਕਾਰ ਵਲੋਂ ਲਾਗੂ ਕਰਨ ’ਤੇ ਉਨ੍ਹਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਕੈਨਾਲ ਕਾਲੋਨੀ ’ਚ ਤਬਾਦਲਾ ਹੋਣ ’ਤੇ ਰਾਜਵੀਰ ਕੌਰ ਅਧਿਆਪਕਾ ਦੀ ਪੋਸਟ ਨੂੰ ਖਤਰਾ ਹੋ ਗਿਆ ਹੈ ਅਤੇ ਇਸ ਲਈ ਉਹ ਉਨ੍ਹਾਂ ਦੋਵਾਂ ਪਤੀ-ਪਤਨੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ, ਜਦਕਿ ਉਨ੍ਹਾਂ ਦਾ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਧਿਆਪਕਾ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਅਧਿਆਪਕਾ ਰਾਜਵੀਰ ਕੌਰ ਉਸ ਨੂੰ ਘੂਰਦੀ ਰਹੀ ਅਤੇ ਮੌਕਾ ਪਾ ਕੇ ਉਸ ਨਾਲ ਲੜਨ ਲੱਗੀ। ਅਧਿਆਪਕਾ ਰਾਜਵੀਰ ਕੌਰ ਦਾ ਦੋਸ਼ ਹੈ ਕਿ ਪਰਮਜੀਤ ਕੌਰ ਅਤੇ ਉਸ ਦਾ ਪਤੀ ਰੈਸ਼ਨੇਲਾਈਜ਼ੇਸ਼ਨ ਸਕੀਮ ਤਹਿਤ ਇਕ ਸਾਜ਼ਿਸ਼ ਕਰ ਕੇ ਉਸ ਨੂੰ ਸਕੂਲੋਂ ਕੱਢਣਾ ਚਾਹੁੰਦੇ ਹਨ।

rajwinder kaur

This news is Content Editor rajwinder kaur