ਹੱਥ ''ਚ ਫੁੱਲ ਫੜੀ ਉਡੀਕ ਕਰਦੇ ਰਹੇ ਪ੍ਰਸ਼ੰਸਕ, ਬਿਨਾਂ ਰੂ-ਬ-ਰੂ ਏਅਰਪੋਰਟ ਤੋਂ ਚਲੀ ਗਈ ਹਰਮਨ

07/30/2017 7:40:13 PM

ਅੰਮ੍ਰਿਤਸਰ (ਪੁਰੀ)— ਮਹਿਲਾ ਵਰਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ ਐਤਵਾਰ ਨੂੰ ਮੋਗਾ ਸਥਿਤ ਆਪਣੇ ਜੱਦੀ ਪਿੰਡ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਲਗਭਗ 1.30 ਵਜੇ ਹਰਮਨ ਅੰਮ੍ਰਿਤਸਰ ਦੇ ਰਾਜਾਸਾਂਸੀ ਏਅਰਪੋਰਟ 'ਤੇ ਪਹੁੰਚੇ। ਇਸ ਦੌਰਾਨ ਬਿਨਾਂ ਮੀਡੀਆ ਅਤੇ ਆਪਣੇ ਪ੍ਰਸ਼ੰਸਕਾ ਦੇ ਰੂ-ਬ-ਰੂ ਹੋਏ ਹੀ ਹਰਮਨ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਲੈ ਕੇ ਚੱਲਦੇ ਬਣੇ। ਦਰਅਸਲ ਵੱਡੀ ਗਿਣਤੀ ਵਿਚ ਹਰਮਨ ਦੇ ਪ੍ਰਸ਼ੰਸਕ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ, ਮੀਡੀਆ ਹੱਥਾਂ 'ਚ ਗੁਲਦਸਤੇ ਲਈ ਖੜ੍ਹੇ ਹਰਮਨਪ੍ਰੀਤ ਕੌਰ ਦਾ ਇੰਤਜ਼ਾਰ ਕਰ ਰਹੇ ਸਨ। ਲਗਭਗ 1.30 ਵਜੇ ਜਿਵੇਂ ਹੀ ਹਰਮਨਪ੍ਰੀਤ ਰਾਜਾਸਾਂਸੀ ਏਅਰ ਪਹੁੰਚੇ ਤਾਂ ਪਰਿਵਾਰਕ ਮੈਂਬਰ ਮੀਡੀਆ ਅਤੇ ਲੋਕਾਂ ਤੋਂ ਬੱਚਦੇ ਹੋਏ ਉਨ੍ਹਾਂ ਨੂੰ ਲੈ ਕੇ ਚਲੇ ਗਏ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਹਰਿੰਦਰ ਸਿੰਘ ਅਤੇ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਜਾਣ ਬੁੱਝ ਕੇ ਹਰਮਨ ਦਾ ਸਵਾਗਤ ਨਹੀਂ ਹੋਣ ਦਿੱਤਾ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਗੈਰ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੇ ਇਕੱਠ ਨੂੰ ਸੱਤਾ ਧਿਰ ਬਰਦਾਸ਼ਤ ਨਹੀਂ ਕਰ ਸਕੀ ਜਿਸ ਕਾਰਨ ਉਨ੍ਹਾਂ ਹਰਮਨ ਦਾ ਸਵਾਗਤ ਨਹੀਂ ਹੋਣ ਦਿੱਤਾ। ਇਸ ਮੌਕੇ ਹਰਮਨ ਦਾ ਸਵਾਗਤ ਕਰਨ ਹਰਿੰਦਰ ਸਿੰਘ ਸੂਬਾਈ ਜਨਰਲ ਸਕੱਤਰ 'ਆਪ', ਮਾਝਾ ਖੇਤਰ ਦੇ ਪ੍ਰਧਾਨ ਕਵਲਪ੍ਰੀਤ ਕਾਕੀ, ਪਰਗਟ ਸਿੰਘ ਦਿਹਾਤੀ ਅੰਮ੍ਰਿਤਸਰ ਪ੍ਰਧਾਨ ਆਦਿ ਨੇ ਕਿਹਾ ਕਿ ਹਰਮਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਹੈਰਾਨ ਹਨ। ਹਰਮਨ ਵੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਾ ਚਾਹੁੰਦੀ ਸੀ ਅਤੇ ਖੁਦ ਮੀਡੀਆ ਸਾਹਮਣੇ ਆ ਕੇ ਰੂ-ਬ-ਰੂ ਹੋਣਾ ਚਾਹੁੰਦੀ ਸੀ ਪਰ ਉਸ ਨੂੰ ਜਾਣ ਬੁੱਝ ਕੇ ਦੂਸਰੇ ਗੇਟ ਰਾਹੀਂ ਬਾਹਰ ਲਿਜਾਇਆ ਗਿਆ।