ਵਿਧਵਾ ਭੈਣ ਨੂੰ ਇਨਸਾਫ਼ ਦਿਵਾਉਣ ਲਈ ਤਹਿਸੀਲ ਕੰਪਲੈਕਸ ਦੀ ਛੱਚ ''ਤੇ ਚੜ੍ਹੀ ਔਰਤ

06/06/2019 8:41:22 PM

ਬਠਿੰਡਾ(ਵੈੱਬਡੈਸਕ)— ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੀ ਵਿਧਵਾ ਭੈਣ ਨੂੰ ਇਨਸਾਫ਼ ਦਿਵਾਉਣ ਲਈ ਇਕ ਔਰਤ ਅੰਤਾਂ ਦੀ ਗਰਮੀ 'ਚ ਐੱਸ.ਡੀ.ਐੱਮ. ਦਫ਼ਤਰ ਮੌੜ ਦੀ ਸਿਖਰਲੀ ਛੱਤ 'ਤੇ ਚੜ੍ਹ ਗਈ ਤੇ ਪ੍ਰਸ਼ਾਸ਼ਨ ਵਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਨਾ ਲਿਆਂਦੇ ਜਾਣ ਤੋਂ ਦੁਖੀ ਹੋ ਕੇ ਛੱਤ ਤੋਂ ਛਾਲ ਮਾਰਨ ਦਾ ਐਲਾਨ ਕਰ ਦਿੱਤਾ। 

ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਕੌਰ ਪਿੰਡ ਦੁੱਗਾ ਜ਼ਿਲਾ ਸੰਗਰੂਰ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਪਿੰਡ ਰਾਜਗੜ੍ਹ ਕੁੱਬੇ ਦੇ ਗੁਰਲਾਲ ਸਿੰਘ ਨਾਲ ਹੋਇਆ ਸੀ। ਪਿਛਲੇ ਕਈ ਸਾਲਾਂ ਤੋਂ ਪਰਿਵਾਰ 'ਚ ਜ਼ਮੀਨੀ ਤਕਸੀਮ ਦਾ ਵਿਵਾਦ ਚੱਲ ਰਿਹਾ ਸੀ। ਕਿਸੇ ਕਾਰਨ 19 ਅਗਸਤ 2016 ਨੂੰ ਕਮਲਜੀਤ ਕੌਰ ਦੇ ਪਤੀ ਗੁਰਲਾਲ ਸਿੰਘ ਨੇ ਆਤਮ ਹੱਤਿਆ ਕਰ ਲਈ ਸੀ। ਇਸ ਉਪਰੰਤ ਕਮਲਜੀਤ ਕੌਰ ਆਪਣੇ ਛੇ ਸਾਲਾਂ ਪੁੱਤਰ ਸੁਖਅੰਸ਼ ਨਾਲ ਪਿੰਡ ਦੁੱਗਾ ਜ਼ਿਲਾ ਸੰਗਰੂਰ ਵਿਖੇ ਆਪਣੇ ਪੇਕੇ ਘਰ ਰਹਿਣ ਲੱਗੀ। ਕਮਲਜੀਤ ਕੌਰ ਦੇ ਦੱਸਣ ਮੁਤਾਬਿਕ ਜ਼ਮੀਨੀ ਤਕਸੀਮ ਦਾ ਕੇਸ ਉਸ ਦੇ ਪਤੀ ਦੀ ਮੌਤ ਹੋਣ ਤੋਂ ਪਹਿਲਾਂ ਦਾ ਹੀ ਚੱਲ ਰਿਹਾ ਸੀ ਅਤੇ ਹੁਣ ਫੈਸਲਾ ਉਸ ਦੇ ਹੱਕ 'ਚ ਹੋ ਗਿਆ ਹੈ। ਜਿਸ ਸਬੰਧੀ ਡੀ.ਸੀ. ਦਫ਼ਤਰ ਬਠਿੰਡਾ ਵਲੋਂ ਵੀ ਕਾਰਵਾਈ ਅਮਲ 'ਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਸ ਨੇ ਦੱਸਿਆ ਕਿ ਉਹ ਐੱਸ.ਡੀ.ਐੱਮ. ਦਫ਼ਤਰ ਮੌੜ ਵਿਖੇ ਕਬਜ਼ਾ ਕਾਰਵਾਈ ਅਮਲ 'ਚ ਲਿਆਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ਪਰ ਇੱਥੋਂ ਦਾ ਪ੍ਰਸ਼ਾਸ਼ਨਿਕ ਅਮਲਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ। ਕਮਲਜੀਤ ਕੌਰ ਨੇ ਦੱਸਿਆ ਕਿ ਅਸੀਂ ਤਿੰਨ ਭੈਣਾ ਹਾਂ ਮੇਰਾ ਭਰਾ ਨਹੀਂ ਹੈ, ਜਿਸ ਕਾਰਨ ਅੱਜ ਮਜ਼ਬੂਰੀ ਵੱਸ ਮੇਰੀ ਵੱਡੀ ਭੈਣ ਅਮਨਦੀਪ ਕੌਰ ਮੇਰੇ ਨਾਲ ਮੌੜ ਦਫ਼ਤਰ ਵਿਖੇ ਆਈ ਸੀ, ਪ੍ਰੰਤੂ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਤੇ ਮੇਰੀ ਭੈਣ ਗੁੱਸੇ 'ਚ ਆ ਕੇ ਛੱਤ ਤੇ ਚੜ੍ਹ ਗਈ ਕਿਉਂਕਿ ਹੁਣ ਸਾਡੇ ਕੋਲ ਮਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਸੀ। ਇਸ ਦੌਰਾਨ ਉਸ ਨੇ ਐਲਾਨ ਕਰ ਦਿੱਤਾ ਕਿ ਉਸਦੀ ਮੌਤ ਦੇ ਜਿੰਮੇਵਾਰ ਐੱਸ.ਡੀ.ਐੱਮ. ਮੌੜ ਅਤੇ ਤਹਿਸੀਲਦਾਰ ਮੌੜ ਹੋਣਗੇ। ਹੁਣ ਤੱਕ ਇਸ ਮਾਮਲੇ 'ਚ ਚੁੱਪ ਧਾਰੀ ਬੈਠੇ ਪ੍ਰਸ਼ਾਸ਼ਨ ਨੂੰ ਜਦ ਅਮਨਦੀਪ ਕੌਰ ਦੀ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾ ਦੀ ਪੈ ਗਈ ਅਤੇ ਸਾਰੇ ਅਧਿਕਾਰੀ ਦਫ਼ਤਰ 'ਚ ਪੁੱਜ ਗਏ। 

ਮਾਮਲੇ ਦੀ ਸੂਚਨਾਂ ਮਿਲਦੇ ਹੀ ਡੀ.ਐੱਸ.ਪੀ. ਜਸਵੀਰ ਸਿੰਘ ਵੀ ਭਾਰੀ ਗਿਣਤੀ ਪੁਲਸ ਨਾਲ ਮੌਕੇ ਤੇ ਪੁੱਜ ਗਏ। ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਆਮ ਜਨਤਾ ਅਮਨਦੀਪ ਕੌਰ ਨੂੰ ਵਾਰ-ਵਾਰ ਛੱਤ ਤੋਂ ਥੱਲੇ ਉਤਰਣ ਲਈ ਬੇਨਤੀ ਕਰ ਰਹੀ ਸੀ ਪ੍ਰੰਤੂ ਉਹ ਕਿਸੇ ਵੀ ਵਿਅਕਤੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਉਕਤ ਔਰਤ ਨੇ ਲੰਮਾਂ ਸਮਾਂ ਅੱਤ ਦੀ ਗਰਮੀ 'ਚ ਪਾਣੀ ਵੀ ਨਾ ਪੀਤਾ। ਆਖਿਰਕਾਰ ਹੌਸਲਾ ਕਰਦੇ ਹੋਏ ਡੀ.ਐੱਸ.ਪੀ. ਮੌੜ ਜਸਵੀਰ ਸਿੰਘ ਛੱਤ ਉਪਰ ਪੁੱਜੇ ਅਤੇ ਅਮਨਦੀਪ ਕੌਰ ਨੂੰ ਕਾਨੂੰਨੀ ਕਾਰਵਾਈ ਦੌਰਾਨ ਪੂਰਾ ਇਨਸਾਫ਼ ਦੇਣ ਦਾ ਭਰੋਸਾ ਦਿੱਤਾ। ਆਖਿਰਕਾਰ ਡੀ.ਐਸ.ਪੀ. ਮੌੜ ਦੀ ਸੂਝਬੂਝ ਦੇ ਚਲਦੇ ਉਕਤ ਔਰਤ ਛੱਤ ਤੋਂ ਨੀਚੇ ਆਉਣ ਲਈ ਤਿਆਰ ਹੋ ਗਈ। 

ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਗਰੂਪ ਸਿੰਘ ਅਤੇ ਮਹਿੰਦਰ ਸਿੰਘ ਮਾਈਸਰਖਾਨਾ ਨੇ ਕਿਹਾ ਹੈ ਕਿ ਜੇਕਰ ਪ੍ਰਸ਼ਾਸ਼ਨ ਨੇ ਉਕਤ ਪੀੜਿਤ ਔਰਤ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਵਿੱਢਣਗੇ।
ਇਸ ਮਾਮਲੇ ਸਬੰਧੀ ਜਦ ਤਹਿਸੀਲਦਾਰ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੀ.ਸੀ.ਬਠਿੰਡਾ ਵਲੋਂ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ ਸੀ ਅਤੇ ਨਾਇਬ ਤਹਿਸੀਲਦਾਰ ਛੁੱਟੀ ਤੇ ਹੋਣ ਕਾਰਨ ਅੱਜ ਕਬਜ਼ਾ ਕਾਰਵਾਈ ਅਮਲ 'ਚ ਨਹੀ ਲਿਆਂਦੀ ਜਾ ਸਕੀ। ਇਸ ਸਬੰਧੀ ਐੱਸ.ਡੀ.ਐੱਮ ਮੌੜ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦਾ ਹੱਲ ਕਰਨ ਲਈ ਮੀਟਿੰਗ ਕੀਤੀ ਗਈ ਹੈ ਅਤੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀ ਹੋਣ ਦਿੱਤੀ ਜਾਵੇਗੀ।

Baljit Singh

This news is Content Editor Baljit Singh