ਬੂਟੀਕ ''ਚ ਇਸ ਜਨਾਨੀ ਦੀ ਹਰਕਤ ਨੇ ਸਭ ਨੂੰ ਕੀਤਾ ਹੈਰਾਨ, ਕੈਮਰੇ ''ਚ ਕੈਦ ਹੋਇਆ ਕਾਰਨਾਮਾ

03/05/2021 2:52:37 PM

ਲੁਧਿਆਣਾ (ਰਿਸ਼ੀ) : ਇੱਥੇ ਫਿਰੋਜ਼ਪੁਰ ਰੋਡ 'ਤੇ ਇਕ ਮਾਲ ਅੰਦਰ ਬਣੇ ਬੂਟੀਕ 'ਚ ਗਾਹਕ ਬਣ ਕੇ ਆਈਆਂ 5 ਨੌਸਰਬਾਜ਼ ਜਨਾਨੀਆਂ ਦੀ ਕਰਤੂਤ ਦੇਖ ਹਰ ਕੋਈ ਹੈਰਾਨ ਰਹਿ ਗਿਆ। ਇਨ੍ਹਾਂ ਜਨਾਨੀਆਂ ਨੇ ਬੂਟੀਕ 'ਚੋਂ ਹਜ਼ਾਰਾਂ ਦੀ ਕੀਮਤ ਦੇ ਸੂਟ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਈਆਂ। ਫ਼ਰਾਰ ਹੁੰਦੇ ਸਮੇਂ ਸ਼ੋਅਰੂਮ ਅਤੇ ਮਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਉਕਤ ਜਨਾਨੀਆਂ ਦੀ ਕਰਤੂਤ ਕੈਦ ਹੋ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ।

ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬ੍ਰਾਂਡ ਦੇ ਸ਼ਹਿਰ 'ਚ 6 ਸ਼ੋਅਰੂਮ ਹਨ। ਵੀਰਵਾਰ ਦੁਪਹਿਰ ਲਗਭਗ 3.45 ਵਜੇ 5 ਨੌਸਰਬਾਜ਼ ਜਨਾਨੀਆਂ ਸ਼ੋਅਰੂਮ 'ਚ ਗਾਹਕ ਬਣ ਕੇ ਆਈਆਂ। ਪਹਿਲਾਂ ਇਕ ਜਨਾਨੀ ਸ਼ੋਅਰੂਮ 'ਚ ਵੜੀ ਅਤੇ ਜੁੱਤੀਆਂ ਦੇਖਣ ਲੱਗ ਪਈ। ਅੰਦਰ ਮੌਜੂਦ ਸਟਾਫ਼ ਦਾ ਧਿਆਨ ਉਸ ਵੱਲ ਹੋਇਆ ਤਾਂ ਇਸ ਦਾ ਫ਼ਾਇਦਾ ਚੁੱਕ ਕੇ ਹੋਰ ਜਨਾਨੀਆਂ ਅੰਦਰ ਵੜ ਗਈਆਂ ਅਤੇ ਸੂਟ ਦੇਖਣ ਲੱਗ ਪਈਆਂ। ਇਨ੍ਹਾਂ ਜਨਾਨੀਆਂ ਨੇ ਕਾਫੀ ਸੂਟ ਚੋਰੀ ਕੀਤੇ ਅਤੇ 15 ਮਿੰਟਾਂ ਅੰਦਰ ਰਫੂਚੱਕਰ ਹੋ ਗਈਆਂ।

ਚੋਰੀ ਦਾ ਪਤਾ ਲੱਗਦੇ ਹੀ ਸਟਾਫ਼ ਦੀ ਬੀਬੀ ਅੰਜਲੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਮੇਨ ਗੇਟ ਵੱਲ ਭੱਜੀ ਪਰ ਉਕਤ ਜਨਾਨੀਆਂ ਹੱਥ ਨਾ ਆਈਆਂ। ਜਸਪ੍ਰੀਤ ਕੌਰ ਦਾ ਦੋਸ਼ ਹੈ ਕਿ ਮਾਲ 'ਚ ਡਿਊਟੀ 'ਤੇ ਖੜ੍ਹੇ ਸਾਰੇ ਸੁਰੱਖਿਆ ਮੁਲਾਜ਼ਮਾਂ ਨੂੰ ਮਦਦ ਲਈ ਕਿਹਾ ਗਿਆ ਪਰ ਕੋਈ ਵੀ ਅੱਗੇ ਨਹੀਂ ਆਇਆ। ਜਸਪ੍ਰੀਤ ਨੇ ਕਿਹਾ ਕਿ ਫ਼ਰਾਰ ਹੋ ਰਹੀ ਇਕ ਨੌਸਰਬਾਜ਼ ਜਨਾਨੀ ਦਾ ਅੰਜਲੀ ਨੇ ਪਿੱਛਾ ਕੀਤਾ ਤਾਂ ਉਸ ਦੀ ਆਟੋ 'ਚ ਬੈਠਦੀ ਦੀ ਵੀਡੀਓ ਬਣਾ ਲਈ, ਜਿਸ 'ਚ ਉਸ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ।
 

Babita

This news is Content Editor Babita