ਗਰਭਵਤੀ ਔਰਤਾਂ ਦਾ ਘਰ ''ਚ ''ਜਣੇਪਾ'' ਕਰਾਉਣ ਵਾਲੀਆਂ ਦਾਈਆਂ ਨੂੰ ਹੱਥਾਂ-ਪੈਰਾਂ ਦੀ ਪਈ, ਜਾਣੋ ਪੂਰਾ ਮਾਮਲਾ

07/21/2017 12:17:32 PM

ਚੰਡੀਗੜ੍ਹ : ਗਰਭਵਤੀ ਔਰਤਾਂ ਦਾ ਘਰ 'ਚ ਹੀ ਜਣੇਪਾ ਕਰਾਉਣ ਵਾਲੀਆਂ ਦਾਈਆਂ ਨੂੰ ਹੁਣ ਹੱਥਾਂ-ਪੈਰਾਂ ਦੀ ਪੈ ਗਈ ਹੈ ਕਿਉਂਕਿ ਘਰਾਂ 'ਚ ਜਣੇਪੇ ਕਾਰਨ ਜੱਚਾ-ਬੱਚਾ 'ਚ ਵਧ ਰਹੇ ਇੰਫੈਕਸ਼ਨ ਨੂੰ ਦੇਖਦਿਆਂ ਸਿਹਤ ਵਿਭਾਗ ਅਲਰਟ ਹੋ ਗਿਆ ਹੈ ਅਤੇ ਵਿਭਾਗ ਨੇ ਦਾਈਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਘਰਾਂ 'ਚ ਜਣੇਪਾ ਨਾ ਕਰਾਉਣ ਅਤੇ ਜੇਕਰ ਉਹ ਅਜਿਹਾ ਕਰਦੀਆਂ ਹਨ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਦੇ ਨਾਮਾਂਕਣ 'ਚ ਫਰਜ਼ੀਵਾੜਾ ਕਰਨ ਵਾਲੀਆਂ ਦਾਈਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਦੀ ਨਿਰਦੇਸ਼ਕ ਅਮਨੀਤ ਪੀ. ਕੁਮਾਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਸੂਬੇ 'ਚ ਮਾਵਾਂ ਦੀ ਮੌਤ ਦਰ ਨੂੰ ਸਾਲ 2030 ਤੱਕ 70 ਤੋਂ ਘੱਟ ਕਰਨ ਦਾ ਟੀਚਾ ਹੈ। ਸਿਹਤ ਵਿਭਾਗ ਅਤੇ ਐੱਨ. ਐੱਚ. ਐੱਮਨੇ ਸਾਂਝੇ ਦੌਰ 'ਤੇ 'ਜ਼ੀਰੋ ਹੋਮ ਡਲੀਵਰੀ' ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ 'ਚ ਸਿਰਸਾ ਦੇ ਡੱਬਵਾਲੀ 'ਚ ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚ ਗਰਭਵਤੀ ਔਰਤਾਂ ਦੀ ਡਲੀਵਰੀ ਤਾਂ ਪੰਜਾਬ 'ਚ ਹੋਈ, ਜਦੋਂ ਕਿ ਰਜਿਸਟਰੇਸ਼ਨ ਹਰਿਆਣਾ 'ਚ ਕੀਤੀ ਗਈ। ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਕੁਝ ਦਾਈਆਂ ਪੰਜਾਬ 'ਚ ਜਣੇਪਾ ਕਰਾਉਣ ਤੋਂ ਬਾਅਦ ਰਜਿਸਟਰੇਸ਼ਨ ਲਈ ਹਰਿਆਣਾ ਦੇ ਨਗਰ ਕੌਂਸਲ ਦਫਤਰਾਂ 'ਚ ਭੇਜ ਦਿੰਦੀਆਂ ਹਨ। ਸਿਹਤ ਵਿਭਾਗ ਨੇ ਇਨ੍ਹਾਂ ਨਗਰ ਕੌਂਸਲ ਨੂੰ ਇਨ੍ਹਾਂ ਦਾਈਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ।