ਮਹਿਲਾ ਚੌਕੀਦਾਰ ਨੇ ਪ੍ਰਿੰਸੀਪਲ ''ਤੇ ਲਗਾਇਆ ਛੇੜਛਾੜ ਤੇ ਗਲਤ ਵਿਵਹਾਰ ਕਰਨ ਦਾ ਦੋਸ਼

08/20/2017 8:17:32 PM

ਚੰਡੀਗੜ੍ਹ (ਰੋਹਿਲਾ)-ਧਨਾਸ ਦੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਚਿਤਰੰਜਨ ਸਿੰਘ 'ਤੇ ਸਕੂਲ ਦੀ ਹੀ ਚੌਕੀਦਾਰ ਰਣਜੀਤ ਕੌਰ ਨੇ ਛੇੜਛਾੜ ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਥੇ 2010 ਤੋਂ 2016 ਤਕ ਮਿਡ-ਡੇ ਮੀਲ ਵਰਕਰ ਵਜੋਂ ਕੰਮ ਕਰਦੀ ਸੀ ਤੇ 2016 ਵਿਚ ਉਸ ਨੂੰ ਪ੍ਰਮੋਟ ਕਰਕੇ ਚੌਕੀਦਾਰ ਬਣਾ ਦਿੱਤਾ ਗਿਆ ਸੀ ਤੇ ਉਸ ਦਾ ਕੰਟ੍ਰੈਕਟ 4 ਅਗਸਤ, 2017 ਨੂੰ ਖਤਮ ਹੋ ਚੁੱਕਾ ਹੈ। 
ਰਣਜੀਤ ਕੌਰ ਨੇ ਦੱਸਿਆ ਕਿ 4 ਅਗਸਤ ਨੂੰ 3 ਦਰਜਾ ਚਾਰ ਇੰਪਲਾਈਜ਼ ਨੂੰ ਰਿਲੀਵ ਕੀਤਾ ਗਿਆ ਸੀ, ਜਿਨ੍ਹਾਂ ਵਿਚ ਇਕ ਮਰਦ, ਉਹ ਖੁਦ ਤੇ ਇਕ ਹੋਰ ਮਹਿਲਾ ਕਰਮਚਾਰੀ ਸੀ। ਪ੍ਰਿੰਸੀਪਲ ਨੇ ਰਿਲੀਵ ਕੀਤੇ ਬਾਕੀ ਦੋਵਾਂ ਕਰਮਚਾਰੀਆਂ ਨੂੰ ਫੋਨ ਕਰਕੇ ਸਕੂਲ ਬੁਲਾ ਲਿਆ, ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਉਨ੍ਹਾਂ ਨੂੰ ਮਿਲਣ ਪਹੁੰਚ ਗਈ ਤੇ ਫਿਰ ਉਸ ਨੂੰ ਨੌਕਰੀ 'ਤੇ ਰੱਖਣ ਲਈ ਅਪੀਲ ਕੀਤੀ। 
ਰਣਜੀਤ ਕੌਰ ਮੁਤਾਬਿਕ ਪ੍ਰਿੰਸੀਪਲ ਨੇ ਉਸ ਨਾਲ ਗਲਤ ਵਿਵਹਾਰ ਕੀਤਾ ਤੇ ਉਸ ਨੂੰ ਧੱਕੇ ਮਾਰ ਕੇ ਸਕੂਲ 'ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਤੇ ਐੈੱਸ. ਐੈੱਸ. ਪੀ. ਨੂੰ ਵੀ ਕੀਤੀ। ਇਸ ਮਾਮਲੇ ਵਿਚ ਉਹ ਸ਼ੁੱਕਰਵਾਰ ਨੂੰ ਐਜੂਕੇਸ਼ਨ ਸੈਕਟਰੀ ਨੂੰ ਵੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਡਿਪਟੀ ਡੀ. ਈ. ਓ. ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੋਮਵਾਰ ਨੂੰ ਰਣਜੀਤ ਕੌਰ ਨੂੰ ਦਫਤਰ ਬੁਲਾਇਆ ਗਿਆ ਹੈ।