ਸ਼ਾਤਰ ਜਨਾਨੀਆਂ ਹੱਥੋਂ ਠੱਗਿਆਂ ਗਿਆ ਸੁਨਿਆਰਾ, ਜਦੋਂ ਸੱਚ ਸਾਹਮਣੇ ਆਇਆ ਤਾਂ ਉਡੇ ਹੋਸ਼

07/22/2022 12:24:39 PM

ਖਰੜ (ਸ਼ਸ਼ੀ) : ਘੜੂੰਆਂ ਦੇ ਰਾਜਨ ਵਰਮਾ ਨਾਂ ਦੇ ਸੁਨਿਆਰੇ ਨੂੰ ਚਾਂਦੀ ਦੇ ਨਕਲੀ ਗਹਿਣੇ ਦੇ ਕੇ ਉਸ ਬਦਲੇ ਅਸਲੀ ਗਹਿਣੇ ਲੈ ਕੇ ਉਸ ਨਾਲ ਪੌਣੇ 2 ਲੱਖ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਕਮਲਾ, ਰਾਧਾ ਅਤੇ ਦੋ ਅਣਪਛਾਤੀਆਂ ਔਰਤਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ’ਤੇ ਦੋ ਔਰਤਾਂ ਆਈਆਂ, ਜਿਨ੍ਹਾਂ ਨੇ ਘੱਗਰਾ-ਝੋਲੀ ਦਾ ਪਹਿਰਾਵਾ ਪਾਇਆ ਹੋਇਆ ਸੀ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਭੱਠਿਆਂ ’ਤੇ ਰਹਿ ਕੇ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਚਾਂਦੀ ਦੀਆਂ ਝਾਂਜਰਾ ਅਤੇ ਪੈਰਾਂ ਦੀਆਂ ਅੰਗੂਠੀਆਂ ਚਾਹੀਦੀਆਂ ਹਨ।

ਉਨ੍ਹਾਂ ਦੀ ਮੰਗ ਅਨੁਸਾਰ ਚਾਂਦੀ ਅਤੇ ਸੋਨੇ ਦੇ ਗਹਿਣੇ ਦਿਖਾ ਦਿੱਤੇ। ਸਾਮਾਨ ਪਸੰਦ ਕਰਨ ਉਪਰੰਤ ਉਨ੍ਹਾਂ ਆਪਣੀ ਪੋਟਲੀ ਵਿਚੋਂ ਚਾਂਦੀ ਦੇ ਗਹਿਣੇ ਕੱਢੇ ਅਤੇ ਦੁਕਾਨਦਾਰ ਨੂੰ ਕਿਹਾ ਕਿ ਇਨ੍ਹਾਂ ਦੇ ਬਦਲੇ ਚਾਂਦੀ ਦੇ ਗਹਿਣੇ ਲੈਣੇ ਹਨ। ਉਥੇ ਦੋ ਔਰਤਾਂ ਹੋਰ ਆ ਗਈਆਂ ਅਤੇ ਸਾਰੀਆਂ ਨੇ ਆਪਣੇ ਕੋਲੋਂ ਪੁਰਾਣੇ ਚਾਂਦੀ ਦੇ ਗਹਿਣੇ ਕੱਢੇ ਅਤੇ ਕਿਹਾ ਕਿ ਉਸ ਦੇ ਘਰ ਵਿਚ ਲੜਕੀਆਂ ਦੇ ਵਿਆਹ ਹਨ। ਇਸ ਲਈ ਉਨ੍ਹਾਂ ਆਪਣੇ ਕੋਲ ਪਈ ਪੁਰਾਣੀ ਚਾਂਦੀ ਬਦਲ ਕੇ ਵਿਆਹ ਲਈ ਸੋਨੇ ਅਤੇ ਚਾਂਦੀ ਦੇ ਨਵੇਂ ਡਿਜ਼ਾਈਨ ਵਾਲੇ ਗਹਿਣੇ ਲੈਣੇ ਹਨ। ਇਨ੍ਹਾਂ ਚਾਰਾਂ ਔਰਤਾਂ ਨੇ ਪੁਰਾਣੀ ਚਾਂਦੀ ਦੇ ਕੇ ਨਵੇਂ ਗਹਿਣੇ ਲਏ ਅਤੇ ਜੋ ਫਰਕ ਸੀ, ਉਹ ਨਕਦ ਲੈ ਲਿਆ।

ਸ਼ਿਕਾਇਤਕਰਤਾ ਨੇ ਜਦੋਂ ਇਨ੍ਹਾਂ ਚਾਰਾਂ ਜਨਾਨੀਆਂ ਵਲੋਂ ਦਿੱਤੇ ਗਹਿਣਿਆਂ ਨੂੰ ਪਿਘਲਾ ਕੇ ਚੰਡੀਗੜ੍ਹ ਵਿਖੇ ਚੈੱਕ ਕਰਵਾਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਇਹ ਨਕਲੀ ਚਾਂਦੀ ਦੇ ਗਹਿਣੇ ਸਨ। ਇਨ੍ਹਾਂ ਔਰਤਾਂ ਨੇ ਉਸ ਨਾਲ 1 ਲੱਖ 75 ਹਜ਼ਾਰ 600 ਰੁਪਏ ਦੀ ਠੱਗੀ ਕੀਤੀ ਹੈ। ਜਦੋਂ ਦੁਕਾਨਦਾਰ ਨੇ ਉਨ੍ਹਾਂ ਤੋਂ ਸ਼ਨਾਖਤ ਸਬੰਧੀ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਦੀ ਮੰਗ ਕੀਤੀ ਤਾਂ ਚਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ।


Gurminder Singh

Content Editor

Related News