ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ

07/17/2020 11:49:54 AM

ਨਕੋਦਰ (ਪਾਲੀ)— ਇਥੋਂ ਦੇ ਨਜ਼ਦੀਕੀ ਪਿੰਡ ਬਜੂਹਾ ਕਲਾਂ ਦੀ ਇਕ ਔਰਤ ਵੱਲੋਂ ਪਿੰਡ ਦੀ ਸਰਪੰਚ, 2 ਪੰਚਾਇਤ ਮੈਂਬਰਾਂ ਅਤੇ ਇਕ ਔਰਤ ਤੋਂ ਤੰਗ ਆ ਕੇ ਆਪਣੇ ਘਰ 'ਚ ਹੀ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ, ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਰਾਮ ਵਾਸੀ ਪਿੰਡ ਹਿਆਲਾ ਨਵਾਂਸ਼ਹਿਰ ਨੇ ਦੱਸਿਆ ਕਿ ਮੇਰੀ ਵੱਡੀ ਭੈਣ ਰਜਨੀ ਪਤਨੀ ਨਿੱਕਾ ਰਾਮ ਵਾਸੀ ਬਜੂਹਾ ਕਲਾਂ ਆਪਣੇ ਤਿੰਨ ਬੱਚਿਆਂ ਸਮੇਤ ਰਹਿੰਦੀ ਸੀ। ਕੁਝ ਦਿਨ ਪਹਿਲਾਂ ਮੇਰੀ ਭੈਣ ਰਜਨੀ ਨੇ ਦੱਸਿਆ ਸੀ ਕਿ ਮੇਰਾ ਪਿੰਡ ਦੀ ਔਰਤ ਸਰਬਜੀਤ ਕੌਰ ਪਤਨੀ ਰਾਕੇਸ਼ ਕੁਮਾਰ ਨਾਲ ਤਕਰਾਰ ਹੋਇਆ ਸੀ, ਜਿਸ ਸਬੰਧੀ ਜਦੋਂ ਪੰਚਾਇਤ ਇਕੱਠੀ ਹੋਈ ਤਾਂ ਸਰਪੰਚ ਨਛੱਤਰ ਕੌਰ, ਕਰਮਜੀਤ ਸਿੰਘ ਉਰਫ ਕੰਮਾ, ਮਹਿੰਦਰ ਪਾਲ (ਦੋਵੇਂ ਮੈਂਬਰ ਪੰਚਾਇਤ) ਅਤੇ ਸਰਬਜੀਤ ਕੌਰ ਨੇ ਮੇਰੀ ਬੇਇੱਜ਼ਤੀ ਕੀਤੀ ਅਤੇ ਭਰੀ ਪੰਚਾਇਤ 'ਚ ਮੈਨੂੰ ਜ਼ਲੀਲ ਕੀਤਾ। ਮੈਂ ਕਾਫੀ ਪਰੇਸ਼ਾਨ ਹਾਂ ਅਤੇ ਪੰਚਾਇਤ 'ਚ ਮੇਰੀ ਕੋਈ ਸੁਣਵਾਈ ਨਹੀਂ ਹੋਈ। ਹੁਣ ਦੋਬਾਰਾ ਪੰਚਾਇਤ ਇਕੱਠੀ ਹੋਣੀ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਮਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਵੀਡੀਓ
ਵੀਰਵਾਰ ਸਵੇਰੇ ਮੈਨੂੰ ਮੇਰੀ ਭੈਣ ਰਜਨੀ ਨੇ ਇਕ ਵੀਡੀਓ ਕਲਿੱਪ ਭੇਜੀ, ਜਿਸ 'ਚ ਰੋਂਦੀ ਕੁਰਲਾਉਂਦੀ ਦੱਸ ਰਹੀ ਸੀ ਕਿ ਮੇਰੇ ਨਾਲ ਬਹੁਤ ਧੱਕਾ ਹੋਇਆ ਹੈ ਅਤੇ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ। ਇਸ 'ਚ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਹੈ, ਮੇਰੇ ਨਾਲ ਪੰਚਾਇਤ ਨੇ ਧੱਕਾ ਕੀਤਾ ਹੈ। ਵੀਡੀਓ ਕਲਿੱਪ ਵੇਖ ਕੇ ਮੈਂ ਰਜਨੀ ਦੀ ਗੁਆਂਢ 'ਚ ਰਹਿੰਦੀ ਜੋਤੀ ਨੂੰ ਫੋਨ 'ਤੇ ਕਿਹਾ ਕਿ ਜਾ ਕੇ ਰਜਨੀ ਨੂੰ ਵੇਖ, ਉਹ ਮੇਰਾ ਫੋਨ ਨਹੀਂ ਚੁੱਕ ਰਹੀ। ਕੁਝ ਸਮੇਂ ਬਾਅਦ ਜੋਤੀ ਦਾ ਫੋਨ ਆਇਆ ਕਿ ਰਜਨੀ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮੈਂ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਿੰਡ ਬਜੂਹਾ ਕਲਾਂ ਗਿਆ ਤਾਂ ਵੇਖਿਆ ਕਿ ਮੇਰੀ ਭੈਣ ਰਜਨੀ ਦੀ ਲਾਸ਼ ਫਰਸ਼ 'ਤੇ ਪਈ ਸੀ, ਜਿਸ ਦੇ ਗਲ 'ਤੇ ਫਾਹੇ ਦੇ ਨਿਸ਼ਾਨ ਸਨ। ਮੇਰੀ ਭੈਣ ਰਜਨੀ ਨੇ ਉਕਤ ਵਿਅਕਤੀਆਂ ਵੱਲੋਂ ਕੀਤੀ ਬੇਇੱਜ਼ਤੀ ਅਤੇ ਬਦਸਲੂਕੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ

ਮੁਲਜ਼ਮ ਘਰਾਂ ਤੋਂ ਫਰਾਰ, ਕੀਤੀ ਜਾ ਰਹੀ ਹੈ ਛਾਪੇਮਾਰੀ : ਸਦਰ ਥਾਣਾ ਮੁਖੀ ਵਿਨੋਦ
ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਰਜਨੀ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਰਾਮ ਵਾਸੀ ਪਿੰਡ ਹਿਆਲਾ ਦੇ ਬਿਆਨਾਂ 'ਤੇ ਸਰਪੰਚ ਨਛੱਤਰ ਕੌਰ ਪਤਨੀ ਜਰਨੈਲ ਦਾਸ, ਕਰਮਜੀਤ ਸਿੰਘ ਉਰਫ ਕੰਮਾ, ਮਹਿੰਦਰ ਪਾਲ (ਦੋਵੇਂ ਮੈਂਬਰ ਪੰਚਾਇਤ) ਅਤੇ ਸਰਬਜੀਤ ਕੌਰ ਪਤਨੀ ਰਾਕੇਸ਼ ਵਾਸੀਅਨ ਪਿੰਡ ਬਜੂਹਾ ਕਲਾਂ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਧਾਰਾ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਦਰ ਥਾਣਾ ਮੁਖੀ ਨੇ ਦੱਸਿਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲਾ ਦਰਜ ਹੋਣ ਉਪਰੰਤ ਉਕਤ ਸਾਰੇ ਮੁਲਜ਼ਮ ਘਰੋਂ ਫਰਾਰ ਹੋ ਗਏ ਹਨ ਜਿਨ੍ਹਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਮ੍ਰਿਤਕਾ ਦਾ ਅੱਜ ਹੋਵੇਗਾ ਪੋਸਟਮਾਰਟਮ
ਮਾਮਲੇ ਦੇ ਜਾਂਚ ਅਧਿਕਾਰੀ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਜਨੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਸੀ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਵੱਲੋਂ ਰਾਸ਼ਨ ਸਟੋਰ ਕਰਨ ਦੇ ਲਗਾਏ ਦੋਸ਼ਾਂ 'ਤੇ ਵਿਧਾਇਕ ਬੇਰੀ ਦਾ ਪਲਟਵਾਰ

shivani attri

This news is Content Editor shivani attri