ਜਨਮਦਿਨ ਵਾਲੇ ਦਿਨ ਪਤਨੀ ਨੇ ਕੀਤੀ ਸੁਸਾਈਡ ਦੀ ਕੋਸ਼ਿਸ਼, ਵਟਸਐਪ ਆਡੀਓ ਕਲਿਪ ''ਚ ਦੱਸਿਆ ਹੈਰਾਨ ਕਰਦਾ ਕਾਰਨ

04/23/2018 12:42:53 PM

ਜਲੰਧਰ/ਕਪੂਰਥਲਾ— ਜਨਮਦਿਨ ਵਾਲੇ ਦਿਨ ਇਕ ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੁਭਾਨਪੁਰ ਦੀ ਹੈ, ਜਿੱਥੇ ਇਥੋਂ ਦੇ ਪੰਨੂੰ ਮੰਦਰ ਨੇੜੇ ਰਹਿਣ ਵਾਲੀ ਹਿਮਾਂਸ਼ੀ ਨਾਂ ਦੀ ਮਹਿਲਾ ਨੇ ਆਪਣੇ ਜਨਮਦਿਨ ਵਾਲੇ ਦਿਨ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਹਿਮਾਂਸ਼ੀ ਦਾ ਪਤੀ ਸਰਪ੍ਰਾਈਜ਼ ਦੇਣ ਲਈ ਕੇਕ ਲੈਣ ਲਈ ਗਿਆ ਸੀ ਅਤੇ ਘਰ ਵਾਪਸ ਆ ਕੇ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਪੱਖੇ ਨਾਲ ਲਟਕ ਰਹੀ ਸੀ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। 


ਮਹਿਲਾ ਦੀ ਭੈਣ ਦਾ ਕਹਿਣਾ ਹੈ ਕਿ ਫਾਹਾ ਲਗਾਉਣ ਤੋਂ ਪਹਿਲਾਂ ਹਿਮਾਂਸ਼ੀ ਨੇ ਚਚੇਰੀ ਭੈਣ ਨੂੰ ਆਡੀਓ ਕਲਿਪ ਵਟਸਐਪ 'ਤੇ ਆਡੀਓ ਵੀ ਭੇਜੀ ਸੀ, ਜਿਸ 'ਤੇ ਅਜਿਹਾ ਕਦਮ ਚੁੱਕਣ ਦਾ ਕਾਰਨ ਉਸ ਨੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ। ਪੀੜਤ ਮਹਿਲਾ ਹਿਮਾਂਸ਼ੀ ਦੇ ਪਤੀ ਅੰਕੁਰ ਵਾਸੀ ਸੁਭਾਨਪੁਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੀ 'ਲਵ ਮੈਰਿਜ' ਹਿਮਾਂਸ਼ੀ ਨਾਲ ਹੋਈ ਸੀ। ਇਕ ਦਿਨ ਪਤਨੀ ਨਾਲ ਮਾਮੂਲੀ ਝਗੜਾ ਹੋਇਆ ਸੀ। ਐਤਵਾਰ ਨੂੰ ਉਸ ਨੇ ਪਤਨੀ ਨੂੰ ਫਿਲਮ ਦਿਖਾਉਣ ਨੂੰ ਕਿਹਾ ਸੀ ਜਦਕਿ ਸਰਪ੍ਰਾਈਜ਼ ਦੇਣ ਲਈ ਸੇਵੇਰ ਵੀ ਉਹ ਕੇਕ ਲੈਣ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਘਰ ਆ ਕੇ ਦੇਖਿਆ ਤਾਂ ਹਿਮਾਂਸ਼ੀ ਕਮਰੇ 'ਚ ਫਾਹਾ ਲੈ ਕੇ ਲਟਕੀ ਹੋਈ ਸੀ ਅਤੇ ਕਾਫੀ ਤੜਪ ਰਹੀ ਸੀ। ਉਸ ਨੇ ਤੁਰੰਤ ਹਿਮਾਂਸ਼ੀ ਨੂੰ ਹੇਠਾਂ ਉਤਾਰ ਕੇ ਨਜ਼ਦੀਕੀ ਹਸਪਤਾਲ ਲੈ ਕੇ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮਹਿਲਾ ਨੂੰ ਮਕਸੂਦਾਂ ਸਥਿਤ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ। ਉਥੇ ਹੀ ਬਬਰੀਕ ਚੌਕ ਸਥਿਤ ਰਹਿਣ ਵਾਲੀ ਭੈਣ ਪ੍ਰਿਯਾ ਨੇ ਦੱਸਿਆ ਕਿ ਉਸ ਨੇ ਸਵੇਰੇ ਭੈਣ ਨੂੰ ਜਨਮਦਿਨ ਵਿਸ਼ ਕਰਨ ਲਈ ਫੋਨ ਕੀਤਾ ਸੀ ਪਰ ਹਿਮਾਂਸ਼ੀ ਨੇ ਫੋਨ ਕੱਟ ਦਿੱਤਾ ਅਤੇ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਪ੍ਰਿਯਾ ਨੂੰ ਉਸ ਦੀ ਚਚੇਰੀ ਭੈਣ ਨੇ ਫੋਨ ਕਰਕੇ ਦੱਸਿਆ ਕਿ ਹਿਮਾਂਸ਼ੀ ਨੇ ਉਸ ਨੂੰ ਵਟਸਐਪ 'ਤੇ ਆਡੀਓ ਕਲਿਪ ਭੇਜੀ ਹੈ, ਜਿਸ 'ਚ ਉਹ ਕਹਿ ਰਹੀ ਹੈ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦਾ ਪਤੀ, ਸੱਸ ਅਤੇ ਸਹੁਰਾ ਹਨ। ਅਜਿਹੇ 'ਚ ਹਿਮਾਂਸ਼ੀ ਦੇ ਸਹੁਰੇ ਪਰਿਵਾਰ ਨੇ ਫੋਨ ਕਰਕੇ ਦੱਸਿਆ ਕਿ ਹਿਮਾਂਸ਼ੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੂਜੇ ਪਾਸੇ ਜਦੋਂ ਹਿਮਾਂਸ਼ੀ ਦੇ ਪਰਿਵਾਰ ਵਾਲੇ ਹਸਪਤਾਲ 'ਚ ਪਹੁੰਚੇ ਤਾਂ ਉਸ ਦੇ ਪਤੀ ਅੰਕੁਰ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਲੈ ਕੇ ਉਥੇ ਹੰਗਾਮਾ ਹੋ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਹਿਮਾਂਸ਼ੀ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ ਪਰ ਦੋਸ਼ ਹੈ ਕਿ ਹਿਮਾਂਸ਼ੀ ਦਾ ਗਲਾ ਦਬਾਇਆ ਗਿਆ ਹੈ। ਉਥੇ ਹੀ ਪਤੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹ ਇਕ ਵਿਆਹ ਸਮਾਰੋਹ 'ਚ ਗਏ ਸਨ। ਵਿਆਹ 'ਚ ਨੈੱਕਲਸ ਪਾਇਆ ਸੀ ਅਤੇ ਉਹ ਨਿਸ਼ਾਨ ਨੈੱਕਲਸ ਦੇ ਹਨ। 
ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਸੁਭਾਨਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੀੜਤ ਹਿਮਾਂਸ਼ੀ ਦੇ ਬਿਆਨ ਦਰਜ ਨਹੀਂ ਹੋ ਪਾਏ ਹਨ। ਬਿਆਨ ਦਰਜ ਹੋਣ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮਹਿਲਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਉਥੇ ਹੀ ਮਹਿਲਾ ਦੇ ਪਤੀ ਅੰਕੁਰ ਨੂੰ ਹਿਰਾਸਤ 'ਚ ਲਿਆ ਗਿਆ ਹੈ।