ਅੌਰਤ ਨੂੰ ਗੋਲੀ ਮਾਰਨ ਵਾਲੇ ਨੂੰ ਉਮਰ ਕੈਦ, ਦੋ ਬਰੀ

08/18/2018 12:58:04 AM

ਗੁਰਦਾਸਪੁਰ, (ਵਿਨੋਦ)- ਬਟਾਲਾ ਸ਼ਹਿਰ ਦੇ ਇਕ ਪੈਲੇਸ ਵਿਚ ਸਾਲ 2016 ਵਿਚ ਛੇਡ਼ਛਾਡ਼ ਦਾ ਵਿਰੋਧ ਕਰਨ ਵਾਲੀ ਅੌਰਤ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਵਿਅਕਤੀ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਡੱਲਾ ਨੂੰ ਮਾਣਯੋਗ ਅੈਡੀਸ਼ਨਲ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ  ਜਦਕਿ  ਕਰਨ ਪ੍ਰਤਾਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਨਿਵਾਸੀ ਅੌਲਖ ਤੇ ਦਿਲਬਾਗ ਸਿੰਘ ਪੁੱਤਰ ਜੋਗਿੰਦਰ ਸਿੰਘ  ਨੂੰ ਬਰੀ ਕਰ ਦਿੱਤਾ ਗਿਆ।
ਜਾਣਕਾਰੀ  ਅਨੁਸਾਰ 28 ਫਰਵਰੀ 2016 ਨੂੰ ਮ੍ਰਿਤਕਾ ਰੁਪਿੰਦਰ ਕੌਰ ਦੇ ਪਤੀ ਸੁਖਦੇਵ ਸਿੰਘ ਨਿਵਾਸੀ ਭਗਵਾਂ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਬਟਾਲਾ ਸ਼ਹਿਰ ਦੇ ਇਕ ਪੈਲੇਸ ਵਿਚ ਆਪਣੀ ਭੂਆ ਦੇ  ਮੁੰਡੇ ਦਾ ਸ਼ਗਨ ਪ੍ਰੋਗਰਾਮ ਵੇਖਣ ਗਿਆ ਸੀ, ਜਿਥੇ ਪਰਮਿੰਦਰ ਸਿੰਘ, ਦਿਲਬਾਗ ਸਿੰਘ ਤੇ ਕਰਨ ਪ੍ਰਤਾਪ ਵੱਲੋਂ ਉਸ ਦੀ ਪਤਨੀ  ਨਾਲ ਛੇਡ਼ਛਾਡ਼ ਕੀਤੀ ਗਈ ਅਤੇ  ਵਿਰੋਧ ਕਰਨ ’ਤੇ ਪਰਮਿੰਦਰ ਸਿੰਘ ਨੇ ਗੋਲੀ ਚਲਾ ਕੇ ਉਸ ਦੀ ਪਤਨੀ ਨੂੰ ਮਾਰ ਦਿੱਤਾ। ਮਾਮਲੇ ’ਤੇ ਕਾਰਵਾਈ ਦੌਰਾਨ ਮਾਣਯੋਗ ਅਦਾਲਤ ਵੱਲੋਂ ਪਰਮਿੰਦਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਇਸ ਮਾਮਲੇ ਵਿਚ ਨਾਮਜ਼ਦ ਦੋ ਹੋਰ ਵਿਅਕਤੀਆਂ ਨੂੰ ਬਰੀ ਕਰ ਦਿੱਤਾ।