ਔਰਤ ਨੇ ਦਰੱਖਤ ਨਾਲ ਬੰਨ੍ਹ ਕੁੱਟਿਆ ਪੁਲਸ ਮੁਲਾਜ਼ਮ, ਵੀਡੀਓ ਵਾਇਰਲ

07/18/2018 7:25:47 AM

ਫਰੀਦਕੋਟ (ਜਗਤਾਰ ਦੋਸਾਂਝ) : ਫਰੀਦਕੋਟ ਦੇ ਪਿੰਡ ਮਚਾਕੀ ਮੱਲਸਿੰਘ ਵਾਲਾ 'ਚ ਇਕ ਔਰਤ ਵਲੋਂ ਪੁਲਸ ਮੁਲਾਜ਼ਮ ਦੀ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਸ ਮੁਲਾਜ਼ਮ ਨੂੰ ਰੱਸੀਆਂ ਨਾਲ ਦਰੱਖਤ ਨਾਲ ਬੰਨ੍ਹਿਆ ਹੋਇਆ ਹੈ ਤੇ ਇਕ ਔਰਤ ਥੱਪੜਾਂ ਨਾਲ ਮੁਲਾਜ਼ਮ 'ਤੇ ਆਪਣਾ ਗੁੱਸਾ ਕੱਢ ਰਹੀ ਹੈ। 
ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਪਾਰਟੀ ਨੇ ਆਪਣੇ ਸਾਥੀ ਨੂੰ ਆਜ਼ਾਦ ਕਰਵਾਇਆ ਅਤੇ ਆਪਣੇ ਨਾਲ ਲੈ ਗਈ। ਉਧਰ ਹਸਪਤਾਲ 'ਚ ਦਾਖਲ ਪੀੜਤ ਔਰਤ ਦਾ ਦੋਸ਼ ਹੈ ਕਿ ਨਸ਼ੇ 'ਚ ਟੱਲੀ ਹੋਇਆ ਇਹ ਪੁਲਸ ਮੁਲਾਜ਼ਮ ਜ਼ਬਰਦਸਤੀ ਉਸਦੇ ਘਰ 'ਚ ਦਾਖਲ ਹੋਇਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਸ਼ਰਾਬੀ ਹੋਏ ਮੁਲਾਜ਼ਮ ਨੇ ਇੱਟ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ। 
ਦੂਜੇ ਪਾਸੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕੁੱਟਮਾਰ ਦਾ ਸ਼ਿਕਾਰ ਹੋਏ ਹੋਮਗਾਰਡ ਨੇ ਇਸਨੂੰ ਪੈਸਿਆਂ ਦਾ ਰੌਲਾ ਦੱਸਿਆ। ਬਹਿਰਹਾਲ ਦੋਵੇਂ ਧਿਰਾਂ ਜ਼ਖ਼ਮੀ ਹਨ ਅਤੇ ਦੋਵੇਂ ਹੀ ਹਸਪਤਾਲ 'ਚ ਦਾਖਲ ਹਨ ਪਰ ਇਨ੍ਹਾਂ ਦੋਵਾਂ 'ਚੋਂ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ। ਇਸ ਘਟਨਾ ਨੇ ਇਕ ਵਾਰ ਫਿਰ ਪੰਜਾਬ ਪੁਲਸ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ।