ਚਾਵਾਂ ਨਾਲ ਵਿਆਹੀ ਧੀ ਨੂੰ ਸਹੁਰਿਆਂ ਨੇ ਦਿੱਤੀ ਸੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ, ਹੁਣ ਮਾਂ-ਬਾਪ ਨੇ ਪਿੰਡ ਸਣੇ ਕੀਤਾ...

06/11/2017 7:02:43 PM

ਬਠਿੰਡਾ(ਪਰਮਿੰਦਰ)— ਪਿੰਡ ਜੰਡਾਵਾਲਾ 'ਚ ਕਥਿਤ ਤੌਰ 'ਤੇ ਸਹੁਰੇ ਘਰ ਵੱਲੋਂ ਵਿਆਹੁਤਾ ਸੁਖਪ੍ਰੀਤ ਕੌਰ ਨੂੰ ਪੈਟਰੋਲ ਪਾ ਕੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਫਿਰ ਤੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਸਣੇ ਪਿੰਡ ਵਾਸੀਆਂ ਨੇ ਭਾਕਿਯੂ ਏਕਤਾ (ਸਿੱਧਪੁਰ) ਅਤੇ ਭਾਕਿਯੂ (ਡਕੌਂਦਾ) ਦੇ ਸਹਿਯੋਗ ਨਾਲ ਪਿੰਡ ਕੋਟਸ਼ਮੀਰ ਨਜ਼ਦੀਕ ਤਲਵੰਡੀ ਸਾਬੋ ਅਤੇ ਮਾਨਸਾ ਰੋਡ 'ਤੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ 'ਤੇ ਲੋਕਾਂ ਨੇ ਜ਼ਿਲਾ ਪੁਲਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਸੰਗਠਨਾਂ ਨਾਲ ਮਿਲ ਕੇ ਬਠਿੰਡਾ 'ਚ ਚੱਕਾ ਜਾਮ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਨੇ 24 ਘੰਟਿਆਂ ਦੌਰਾਨ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਸੀ। 24 ਘੰਟੇ ਲੰਘਣ ਤੋਂ ਬਾਅਦ ਵੀ ਕੋਈ ਗ੍ਰਿਫਤਾਰੀ ਨਾ ਹੋਣ ਨਾਲ ਭੜਕੇ ਲੋਕਾਂ ਨੇ ਕੋਟਸ਼ਮੀਰ ਨਜ਼ਦੀਕ ਧਰਨਾ ਲਗਾ ਦਿੱਤਾ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ
ਇਸ ਮੌਕੇ 'ਤੇ ਕਿਸਾਨ ਸੰਗਠਨਾਂ ਦੇ ਨੇਤਾ ਬਲਦੇਵ ਸਿੰਘ ਸੰਦੋਹਾ ਤੇ ਰਾਜ ਮਹਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ 31 ਮਈ ਨੂੰ ਸੁਖਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਨੂੰ ਉਸ ਦੇ ਪਤੀ, ਸਹੁਰਾ, ਸੱਸ ਅਤੇ ਨਨਾਣ ਨੇ ਅੱਗ ਹਵਾਲੇ ਕਰ ਦਿੱਤਾ ਸੀ, ਜਿਸ ਦੀ ਡੀ. ਐੱਮ. ਸੀ. ਲੁਧਿਆਣਾ ਵਿਖੇ 8 ਜੂਨ ਨੂੰ ਮੌਤ ਹੋ ਗਈ ਸੀ। ਪੁਲਸ ਨੇ ਉਕਤ ਚਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਕਿਸੇ ਦੀ ਵੀ ਗ੍ਰਿਫਤਾਰੀ ਨਹੀ ਹੋਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਬਠਿੰਡਾ ਸਿਵਲ ਹਸਪਤਾਲ ਸਾਹਮਣੇ ਧਰਨਾ ਲਗਾਇਆ ਸੀ ਤਾਂ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਭਰੋਸਾ ਦੇ ਕੇ ਧਰਨਾ ਹਟਵਾ ਦਿੱਤਾ ਸੀ ਕਿ 24 ਘੰਟਿਆਂ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ 24 ਘੰਟਿਆਂ ਬਾਅਦ ਵੀ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਦੂਰ ਹਨ। ਇਸ ਕਾਰਨ ਯੂਨੀਅਨਾਂ ਤੇ ਪਿੰਡ ਵਾਸੀਆਂ ਨੂੰ ਫਿਰ ਤੋਂ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ, ਉਦੋਂ ਤਕ ਨਾ-ਸਿਰਫ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਬਲਕਿ ਮ੍ਰਿਤਕ ਦਾ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ।