ਜਲੰਧਰ 'ਚ ਵੱਡੀ ਵਾਰਦਾਤ, ਨਸ਼ੇੜੀ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)

10/16/2019 12:16:34 PM

ਜਲੰਧਰ/ਲੋਹੀਆਂ ਖਾਸ (ਮਨਜੀਤ)— ਲੋਹੀਆਂ ਖਾਸ ਦੇ ਵਾਰਡ ਨੰਬਰ-4 ਦੇ ਮੁਹੱਲਾ ਡਮਣਾ 'ਚ ਨਸ਼ੇੜੀ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਕਮਲਜੀਤ ਕੌਰ ਦੇ ਰੂਪ 'ਚ ਹੋਈ ਹੈ, ਜਿਸ ਨੂੰ ਅੱਜ ਸਵੇਰੇ ਮਨਜੀਤ ਸਿੰਘ ਨਾਂ ਦੇ ਨਸ਼ੇੜੀ ਵਿਅਕਤੀ ਨੇ ਚਾਕੂ ਨਾਲ ਤਿੱਖੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

ਘਟਨਾ ਸਮੇਂ ਘਰ 'ਚ ਮੌਜੂਦ ਮਨਜੀਤ ਦੀ ਮਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਸਬੰਧਤ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਦੇ ਭਰਾ ਸਤਪਾਲ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪਿੰਡ ਰਾਣੀਵਾਲਾ ਤਹਿਸੀਲ ਚੌਹਲਾ ਸਾਹਿਬ (ਅੰਮ੍ਰਿਤਸਰ) ਨੇ ਦੱਸਿਆ ਕਿ ਉਸ ਦੀ ਭੈਣ ਕਮਲਜੀਤ ਕੌਰ ਦਾ 10 ਕੁ ਸਾਲ ਪਹਿਲਾਂ ਮਨਜੀਤ ਸਿੰਘ ਉਰਫ ਹੈਪੀ ਪੁੱਤਰ ਸੁਰਿੰਦਰ ਪਾਲ ਸ਼ਿੰਦਾ ਵਾਸੀ ਡੁਮਾਣਾ ਲੋਹੀਆਂ ਨਾਲ ਵਿਆਹ ਨਾਲ ਹੋਇਆ ਸੀ, ਉਦੋਂ ਤੋਂ ਹੀ ਭੈਣ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਅਤੇ ਮਾਰਦਾ-ਕੁੱਟਦਾ ਸੀ। ਜਿਸ ਕਾਰਨ ਉਸ ਦੀ ਭੈਣ ਆਪਣੇ ਦੋ ਬੱਚਿਆਂ ਨਾਲ ਕਈ-ਕਈ ਮਹੀਨੇ ਸਾਡੇ ਕੋਲ ਪਿੰਡ ਰਾਣੀਵਾਲਾ ਰਹਿ ਕੇ ਜਾਂਦੀ ਰਹੀ ਅਤੇ ਕਈ ਪੰਚਾਇਤੀ ਤੌਰ 'ਤੇ ਰਾਜ਼ੀਨਾਮੇ ਵੀ ਹੁੰਦੇ ਰਹੇ ਅਤੇ ਉਸ ਦੀ ਭੈਣ ਮੁੜ ਸਹੁਰੇ ਘਰ ਚਲੀ ਜਾਂਦੀ।

ਸਤਪਾਲ ਨੇ ਦੱਸਿਆ ਕਿ 15 ਅਕਤੂਬਰ ਦੀ ਰਾਤ ਨੂੰ 8 ਵਜੇ ਦੇ ਕਰੀਬ ਉਸ ਦੀ ਭੈਣ ਨੇ ਫੋਨ ਕਰਕੇ ਦੱਸਿਆ ਕਿ ਮੇਰਾ ਸਹੁਰਾ ਪਰਿਵਾਰ ਫਿਰ ਉਸ ਨਾਲ ਕੁੱਟਮਾਰ ਕਰ ਰਿਹਾ ਸੀ। ਮੈਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਹਨ। ਐਨੀ ਗੱਲ ਸੁਣ ਕੇ ਮੈਂ ਆਪਣੀ ਮਾਤਾ ਨੂੰ ਲੈ ਕੇ ਲੋਹੀਆਂ ਪਹੁੰਚਿਆ ਤਾਂ ਮੈਂ ਦੋਵਾਂ ਨੂੰ ਸਮਝਾ-ਬੁਝਾ ਕੇ ਸੁਲ੍ਹਾ ਕਰਵਾ ਦਿੱਤੀ ਪਰ ਅੱਜ ਸਵੇਰ ਸਾਰ ਉੱਠਦਿਆਂ ਹੀ ਉਸ ਦਾ ਜੀਜਾ ਉਸ ਦੀ ਭੈਣ ਦੀ ਕੁੱਟਮਾਰ ਕਰਨ ਲੱਗ ਪਿਆ। ਜਦਕਿ ਉਸ ਦਾ ਦਿਓਰ ਸੁਖਦੇਵ ਸਿੰਘ ਅਤੇ ਸੱਸ ਸਵਰਨ ਕੌਰ ਨੇ ਤੈਸ਼ 'ਚ ਆ ਕੇ ਕਿਹਾ ਕਿ ਇਹ ਰੋਜ਼ ਸਾਨੂੰ ਤੰਗ ਕਰਦੀ ਹੈ ਅੱਜ ਇਸ ਦਾ ਕੰਮ ਖ਼ਤਮ ਕਰ ਦੇ। ਉਸ ਦੇ ਜੀਜੇ ਨੇ ਰਸੋਈ 'ਚੋਂ ਕਿਰਚ ਕੱਢ ਕੇ ਉਸ ਦੀ ਬਾਂਹ, ਸਿਰ ਅਤੇ ਧੌਣ 'ਤੇ ਵਾਰ ਕਰ ਦਿੱਤੇ ਅਤੇ ਉਸ ਦੀ ਸੱਸ ਨੇ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਦਿੱਤਾ, ਉਸ ਦੇ ਦਿਓਰ ਸੁੱਖੇ ਨੇ ਉਸ ਨੂੰ ਘਸੁੰਨ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਨੇੜੇ ਰਹਿਣ ਵਾਲੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਮੇਰੀ ਭੈਣ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰਦਿਆਂ ਦੋਸ਼ੀ ਮਨਜੀਤ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕਰ ਰਹੀ ਹੈ।

shivani attri

This news is Content Editor shivani attri