ਬੱਸ ਤੋਂ ਉਤਰੀ ਔਰਤ ''ਤੇ ਟਰੱਕ ਚੜ੍ਹਾਉਣ ਵਾਲਾ ਗ੍ਰਿਫਤਾਰ

04/16/2018 3:09:35 PM

ਜਲੰਧਰ (ਮਹੇਸ਼)— ਟੀ ਪੁਆਇੰਟ ਜੰਡਿਆਲਾ ਮੰਜਕੀ ਨੇੜੇ 12 ਅਪ੍ਰੈਲ ਨੂੰ ਬੱਸ ਤੋਂ ਉਤਰੀ ਇਕ ਔਰਤ 'ਤੇ ਟਰੱਕ ਚੜ੍ਹਾਉਣ ਵਾਲੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੰਡਿਆਲਾ ਮੰਜਕੀ ਪੁਲਸ ਚੌਕੀ ਦੇ ਇੰਚਾਰਜ ਮੇਜਰ ਸਿੰਘ ਰਿਆੜ ਅਤੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਥਾਣਾ ਨੂਰਮਹਿਲ ਅਤੇ ਪਿੰਡ ਭਾਰਦਵਾਜੀਆਂ ਵਾਸੀ 30 ਸਾਲਾ ਔਰਤ ਮ੍ਰਿਤਕਾ ਪਿੰਕੀ ਕੁਮਾਰੀ ਪੁੱਤਰੀ ਰਾਮ ਕਿਸ਼ਨ ਆਪਣੇ ਮਾਮੇ ਦੀ ਬੇਟੀ ਮਮਤਾ ਨਾਲ ਰਿਸ਼ਤੇਦਾਰਾਂ ਨੂੰ ਮਿਲ ਕੇ ਆਈ ਸੀ ਅਤੇ ਜਦੋਂ ਉਹ ਦੋਵੇਂ ਜੰਡਿਆਲਾ ਆ ਕੇ ਬੱਸ ਤੋਂ ਉਤਰੀਆਂ ਤਾਂ ਤੇਜ਼ ਰਫਤਾਰ ਟਰੱਕ ਉਸ ਉਪਰ ਚੜ੍ਹ ਗਿਆ। 
ਹਾਦਸੇ ਤੋਂ ਬਾਅਦ ਟਰੱਕ ਚਾਲਕ ਗੁਰਨਾਮ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਪਿੰਡ ਕੋਹਾੜ ਕਲਾਂ, ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਮੌਕੇ ਤੋਂ ਫਰਾਰ ਹੋ ਗਿਆ ਸੀ। ਉਸ ਦੇ ਖਿਲਾਫ ਮ੍ਰਿਤਕਾ ਪਿੰਕੀ ਦੀ ਭੈਣ ਮਮਤਾ ਦੇ ਬਿਆਨਾਂ 'ਤੇ ਥਾਣਾ ਸਦਰ 'ਚ ਕੇਸ ਦਰਜ ਕਰ ਲਿਆ ਗਿਆ ਸੀ। ਐਤਵਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।