ਪ੍ਰੇਮੀ ਨੇ ਕਤਲ ਕਰ ਖਾਲੀ ਪਲਾਟ 'ਚ ਸੁੱਟੀ ਔਰਤ ਦੀ ਲਾਸ਼

11/11/2019 11:41:43 AM

ਲੁਧਿਆਣਾ (ਜਗਰੂਪ, ਰਾਮ) : ਨਾਜਾਇਜ਼ ਸਬੰਧਾਂ ਕਾਰਣ ਇਕ ਔਰਤ ਦੀ ਸ਼ੱਕੀ ਹਾਲਾਤ 'ਚ ਹੱਤਿਆ ਦਾ ਮਾਮਲਾ ਸਾਹਮਣੇ ਆਇਆ। ਔਰਤ ਦੀ ਲਾਸ਼ ਨੂੰ ਪੁਲਸ ਨੇ ਇਕ ਬੇਆਬਾਦ ਪਲਾਟ 'ਚੋਂ ਬਰਾਮਦ ਕੀਤਾ ਹੈ, ਜਿਸ ਦੀ ਪਛਾਣ ਸਾਰਾ ਦੇਵੀ ਪਤਨੀ ਨੀਮ ਬਹਾਦਰ ਵਾਸੀ ਰਾਮਨਗਰ, ਮੂੰਡੀਆਂ ਕਲਾਂ, ਲੁਧਿਆਣਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਸਾਹਨੇਵਾਲ ਵੈਭਵ ਸਹਿਗਲ, ਚੌਕੀ ਮੂੰਡੀਆਂ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਭਜਨ ਸਿੰਘ, ਸੀ. ਆਈ. ਏ. ਅਤੇ ਫਾਰੈਂਸਿਕ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸੇ ਰਾਹਗੀਰ ਨੇ ਇਕ ਪਲਾਟ 'ਚ ਔਰਤ ਦੀ ਲਾਸ਼ ਪਈ ਦੇਖੀ, ਜਿਸ ਨੇ ਔਰਤ ਦੀ ਪਛਾਣ ਹੋਣ 'ਤੇ ਉਸ ਦੇ ਪਤੀ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਪਤੀ ਨੀਮ ਬਹਾਦਰ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਮਾਮਲੇ ਸਬੰਧੀ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਲੜਕੇ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਿਤਾ ਨੀਮ ਬਹਾਦਰ ਇਕ ਫੈਕਟਰੀ 'ਚ ਬਤੌਰ ਚੌਕੀਦਾਰ ਨੌਕਰੀ ਕਰਦਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੋਣ ਕਾਰਣ ਘਰ 'ਚ ਹੀ ਸੀ। ਲਗਭਗ ਦੋ ਦਿਨ ਪਹਿਲਾਂ ਉਸ ਦੀ ਮਾਤਾ ਰਾਤ ਨੂੰ 9 ਵਜੇ ਘਰ ਇਹ ਕਹਿ ਕੇ ਗਈ ਕਿ ਉਹ ਮੋਮੋਜ਼ ਬਣਾਉਣ ਵਾਲੇ ਇਕ ਵਿਅਕਤੀ ਦੇ ਘਰ ਜਾ ਰਹੀ ਹੈ, ਜਿਸ ਦੀ ਪਤਨੀ ਨੂੰ ਬੱਚਾ ਹੋਣ ਵਾਲਾ ਹੈ ਪਰ ਸੱਚ ਇਹ ਸੀ ਕਿ ਉਸ ਦੀ ਮਾਤਾ ਸੇਠੀ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਰਾਮ ਨਗਰ, ਗਲੀ ਨੰ. 13 ਦੇ ਘਰ ਗਈ ਸੀ ਕਿਉਂਕਿ ਉਸ ਦੀ ਮਾਤਾ ਅਕਸਰ ਹੀ ਸੇਠੀ ਕੁਮਾਰ ਪੁੱਤਰ ਬਲਵੀਰ ਸਿੰਘ ਦੇ ਘਰ ਆਉਂਦੀ-ਜਾਂਦੀ ਸੀ, ਜੋ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਵੀ ਉਨ੍ਹਾਂ ਦੇ ਘਰ ਆਉਂਦਾ ਸੀ ਅਤੇ ਦੋਵਾਂ ਦੇ ਨਾਜਾਇਜ਼ ਸਬੰਧ ਸਨ। ਮ੍ਰਿਤਕਾ ਸਾਰਾ ਦੇਵੀ ਦੇ ਲੜਕੇ ਨੇ ਦੱਸਿਆ ਕਿ ਸਵੇਰੇ ਉਸ ਦੇ ਪਿਤਾ ਨੂੰ ਕਿਸੇ ਵਿਅਕਤੀ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਉਸ ਦੀ ਮਾਂ ਦੀ ਲਾਸ਼ ਸੇਠੀ ਕੁਮਾਰ ਦੇ ਕਮਰੇ ਦੇ ਪਿਛਲੇ ਪਾਸੇ ਖਾਲੀ ਪਲਾਟ 'ਚ ਪਈ ਹੋਈ ਹੈ। ਜਦੋਂ ਉਸ ਦੇ ਪਿਤਾ ਅਤੇ ਜੀਜੇ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ਦੇ ਸਰੀਰ ਉਪਰ ਸੱਟਾਂ ਦੇ ਕਾਫੀ ਨਿਸ਼ਾਨ ਸਨ ਅਤੇ ਉਸ ਦਾ ਮੋਬਾਇਲ ਵੀ ਉਸ ਦੇ ਕੋਲ ਪਿਆ ਹੋਇਆ ਸੀ। ਸਬ-ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੇ ਲੜਕੇ ਦੇ ਬਿਆਨਾਂ 'ਤੇ ਸੇਠੀ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।
ਪਹਿਲਾਂ ਵੀ ਫੜਿਆ ਸੀ ਇਤਰਾਜ਼ਯੋਗ ਹਾਲਤ 'ਚ
ਮ੍ਰਿਤਕਾ ਦੇ ਲੜਕੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਤਾ ਅਤੇ ਸੇਠੀ ਕੁਮਾਰ ਨੂੰ ਉਸ ਦੇ ਪਿਤਾ ਨੇ ਪਹਿਲਾਂ ਵੀ ਇਤਰਾਜ਼ਯੋਗ ਹਾਲਤ 'ਚ ਘਰ ਅੰਦਰ ਫੜ੍ਹਿਆ ਸੀ, ਜਿਸ ਨੇ ਦੋਵਾਂ ਨੂੰ ਬਾਹਰੋਂ ਕੁੰਡੀ ਲਾ ਦਿੱਤੀ ਸੀ। ਉਸ ਸਮੇਂ ਸੇਠੀ ਕੁਮਾਰ ਨੇ ਸਾਰੇ ਮੁਹੱਲਾ ਨਿਵਾਸੀਆਂ ਦੇ ਸਾਹਮਣੇ ਮੁਆਫੀ ਮੰਗ ਕੇ ਇਹ ਵਾਅਦਾ ਕੀਤਾ ਸੀ ਕਿ ਉਹ ਉਸ ਦੀ ਮਾਤਾ ਨਾਲ ਕੋਈ ਸਬੰਧ ਨਹੀਂ ਰੱਖੇਗਾ ਪਰ ਇਸ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।
ਸੇਠੀ ਕੁਮਾਰ ਦੇ ਘਰੋਂ ਮਿਲੀ ਚੁੰਨੀ
ਪੁਲਸ ਅਨੁਸਾਰ ਮ੍ਰਿਤਕਾ ਦੀ ਚੁੰਨੀ ਸੇਠੀ ਕੁਮਾਰ ਦੇ ਘਰੋਂ ਮਿਲੀ ਹੈ, ਜਿਸ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।
ਸਰੀਰ 'ਤੇ ਸੱਟਾਂ ਦੇ ਨਿਸ਼ਾਨ
ਹੱਤਿਆ ਦੇ ਕਾਰਣਾਂ ਸਬੰਧੀ ਪੁੱਛਣ 'ਤੇ ਸਬ-ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਬੁਰੀ ਤਰ੍ਹਾ ਕੁੱਟ-ਮਾਰ ਦੇ ਨਿਸ਼ਾਨ ਹਨ। ਜਿਨ੍ਹਾਂ ਨੂੰ ਪਹਿਲੀ ਨਜ਼ਰੇ ਦੇਖਣ 'ਤੇ ਲੱਗਦਾ ਹੈ ਕਿ ਕਥਿਤ ਦੋਸ਼ੀ ਨੇ ਕੁੱਟ-ਕੁੱਟ ਕੇ ਹੀ ਸਾਰਾ ਦੇਵੀ ਦੀ ਹੱਤਿਆ ਕਰ ਦਿੱਤੀ ਹੈ। ਫਿਰ ਵੀ ਮੌਤ ਦੇ ਅਸਲ ਕਾਰਣਾਂ ਸਬੰਧੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋ ਸਕੇਗਾ। ਸੇਠੀ ਕੁਮਾਰ ਦੀ ਗ੍ਰਿਫਤਾਰੀ ਸਬੰਧੀ ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Babita

This news is Content Editor Babita