ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਸਹੁਰੇ ਪਰਿਵਾਰ ਨੇ ਅੱਧੀ ਰਾਤ ਨੂੰ ਹੀ ਕਰ ਦਿੱਤਾ ਅੰਤਿਮ ਸੰਸਕਾਰ

05/01/2018 1:07:57 PM

ਸੁਲਤਾਨਪੁਰ ਲੋਧੀ (ਧੀਰ)— ਬੀਤੇ ਦਿਨੀਂ ਪਿੰਡ ਨੂਰਪੁਰ (ਤਲਵੰਡੀ ਚੌਧਰੀਆਂ) ਵਿਖੇ ਇਕ ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਤੋਂ ਬਾਅਦ ਉਸ ਦਾ ਸਸਕਾਰ ਵੀ ਅੱਧੀ ਰਾਤ ਨੂੰ ਕਰਨ ਉਪਰੰਤ ਥਾਣਾ ਤਲਵੰਡੀ ਚੌਧਰੀਆਂ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਸੋਮਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਲੜਕੀ ਦੇ ਪਿਤਾ ਅਰੁੜ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਕੋਟ ਬਾਦਲਖਾਂ ਥਾਣਾ ਨੂਰਮਹਿਲ ਅਤੇ ਭਰਾ ਸੁਖਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਲੜਕੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਫੜ ਕੇ ਇਸ ਹੱਤਿਆ ਦਾ ਪਰਦਾਫਾਸ਼ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ। ਲੜਕੀ ਦੇ ਪਿਤਾ ਅਰੁੜ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨਿਰਮਲ ਕੌਰ ਉਰਫ ਸੁਖਜਿੰਦਰ ਕੌਰ ਦਾ ਵਿਆਹ ਕਰੀਬ 20 ਸਾਲ ਪਹਿਲਾਂ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੂਰਪੁਰ ਥਾਣਾ ਤਲਵੰਡੀ ਚੌਧਰੀਆਂ ਨਾਲ ਕੀਤਾ ਸੀ। ਜਿਸ ਦੇ ਤਿੰਨ ਬੱਚੇ 1 ਲੜਕੀ ਅਤੇ 2 ਲੜਕੇ ਹਨ। ਲੜਕੀ ਅਰਸ਼ਦੀਪ ਕੌਰ ਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ 2 ਲੜਕੇ ਸਿਮਰਨਜੀਤ ਸਿੰਘ ਉਮਰ ਕਰੀਬ 16 ਸਾਲ ਅਤੇ ਅਨਮੋਲ ਸਿੰਘ ਉਮਰ ਕਰੀਬ 13 ਸਾਲ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਜਵਾਈ ਸੁਖਵਿੰਦਰ ਸਿੰਘ ਕਰੀਬ 7/8 ਸਾਲ ਤੋਂ ਪਹਿਲਾਂ ਵਿਦੇਸ਼ ਇਟਲੀ ਗਿਆ ਹੋਇਆ ਹੈ ਅਤੇ ਇਥੇ ਮੇਰੇ ਜਵਾਈ ਸੁਖਵਿੰਦਰ ਸਿੰਘ ਦਾ ਆਪਣੇ ਭਰਾ ਨਿਰਮਲ ਸਿੰਘ ਅਤੇ ਕਸ਼ਮੀਰ ਸਿੰਘ ਨਾਲ ਸਾਂਝਾ ਪਰਿਵਾਰ ਹੈ, ਜਿਸ 'ਚੋਂ ਕਸ਼ਮੀਰ ਸਿੰਘ ਅਤੇ ਬਲਬੀਰ ਕੌਰ ਪਤਨੀ ਨਿਰਮਲ ਦੀ ਘਰ 'ਚ ਪੂਰੀ ਚਲਦੀ ਹੈ। 


ਉਨ੍ਹਾਂ ਦੱਸਿਆ ਕਿ ਜਦੋਂ ਦਾ ਮੇਰਾ ਜਵਾਈ ਬਾਹਰ ਗਿਆ ਹੋਇਆ ਹੈ, ਉਦੋਂ ਤੋਂ ਬਾਅਦ ਹੀ ਉਸ ਦੀ ਲੜਕੀ ਦੇ ਸਹੁਰਾ ਪਰਿਵਾਰ ਵਾਲੇ ਬਹੁਤ ਕੁੱਟਮਾਰ ਕਰਦੇ ਸਨ ਅਤੇ ਬੀਮਾਰ ਪੈਣ 'ਤੇ ਵੀ ਉਹ ਉਸ ਪਾਸੋਂ ਬਹੁਤ ਕੰਮ ਕਰਵਾਉਂਦੇ ਸਨ। ਲੜਕੀ ਵੱਲੋਂ ਮੈਨੂੰ ਕਈ ਵਾਰ ਦੱਸਣ 'ਤੇ ਮੈਂ ਉਸ ਨੂੰ ਬੱਚਿਆਂ ਖਾਤਿਰ ਸਮਝਾਉਂਦੇ ਹੋਏ ਘਰ ਵਸਾਉਣ ਲਈ ਕਿਹਾ ਪਰ ਇਸ ਦੇ ਬਾਵਜੂਦ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ 'ਤੇ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਏ। ਬੀਤੇ 1 ਮਹੀਨਾ ਪਹਿਲਾਂ ਉਸ ਦਾ ਜਵਾਈ ਅਤੇ ਧੀ ਉਸ ਦੇ ਘਰ ਆਏ ਸਨ ਅਤੇ ਮੇਰੀ ਲੜਕੀ ਵੱਲੋਂ ਸਾਰੀਆਂ ਗੱਲਾਂ ਦੱਸਣ 'ਤੇ ਉਸਨੇ Àਸੁ ਨੂੰ ਵਿਦੇਸ਼ ਲੈ ਕੇ ਜਾਣ ਦਾ ਭਰੋਸਾ ਦਿੱਤਾ ਅਤੇ ਆਪ ਉਹ ਫਿਰ ਵਿਦੇਸ਼ ਚਲਾ ਗਿਆ। 
27 ਅਪ੍ਰੈਲ ਦੀ ਰਾਤ ਨੂੰ ਕਰੀਬ 7.45 ਵਜੇ ਮੈਨੂੰ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਕਸ਼ਮੀਰ ਸਿੰਘ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਨਿਰਮਲ ਕੌਰ ਉਰਫ ਸੁਖਜਿੰਦਰ ਕੌਰ ਦੀ ਮੌਤ ਹੋ ਚੁੱਕੀ ਹੈ, ਜਿਸ 'ਤੇ ਅਸੀਂ ਉਸ ਨੂੰ ਸਵੇਰੇ ਆਉਣ ਲਈ ਕਿਹਾ। ਮੈਂ ਅਤੇ ਮੇਰਾ ਲੜਕਾ ਸੁਖਜੀਤ ਸਿੰਘ ਜੋ ਵਿਦੇਸ਼ ਦੁਬਈ ਗਿਆ ਹੋਇਆ ਸੀ, ਉਸ ਦੇ ਸਵੇਰੇ ਆਉਣ 'ਤੇ ਜਦੋਂ ਅਸੀਂ ਲੜਕੀ ਦੇ ਸਹੁਰਾ ਪਰਿਵਾਰ ਘਰ ਪੁੱਜੇ ਤਾਂ ਪਤਾ ਚੱਲਿਆ ਕਿ ਲੜਕੀ ਸੁਖਜਿੰਦਰ ਦਾ ਉਨ੍ਹਾਂ ਨੇ ਅੰਤਿਮ ਸਸਕਾਰ ਅੱਧੀ ਰਾਤ ਕਰੀਬ ਸਾਢੇ 12 ਵਜੇ ਹੀ ਕਰ ਦਿੱਤਾ ਹੈ, ਜਿਸ ਕਾਰਨ ਅਸੀਂ ਆਪਣੀ ਲੜਕੀ ਦੀ ਮੌਤ ਤੋਂ ਬਾਅਦ ਸ਼ਕਲ ਦੇਖਣ ਤੋਂ ਵੀ ਵਾਂਝੇ ਹੋ ਗਏ। 
ਉਨ੍ਹਾਂ ਨੇ ਸਹੁਰਾ ਪਰਿਵਾਰ ਦੇ ਕਸ਼ਮੀਰ ਸਿੰਘ, ਬਲਬੀਰ ਕੌਰ, ਨਵਨੀਤ ਕੌਰ, ਸੁਰਜੀਤ ਸਿੰਘ ਦੇ 'ਤੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਉਸ ਦੀ ਲੜਕੀ ਦਾ ਕਤਲ ਕਰਨ ਅਤੇ ਬਾਅਦ 'ਚ ਰਾਤ ਨੂੰ ਸਸਕਾਰ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਕੇ ਸਾਰੇ ਸਬੂਤ ਮਿਟਾਉਣ ਦਾ ਯਤਨ ਕੀਤਾ ਹੈ। ਇਸ ਲਈ ਮੇਰੀ ਲੜਕੀ ਦੇ ਇਨ੍ਹਾਂ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਇਨਸਾਫ ਦਿਵਾਇਆ ਜਾਵੇ।
ਕੇਸ ਦੀ ਪੜਤਾਲ ਕਰਨ ਉਪਰੰਤ ਜਲਦ ਹੋਵੇਗੀ ਕਾਰਵਾਈ : ਐੱਸ. ਐੱਚ. ਓ.  
ਇਸ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬਲਬੀਰ ਕੌਰ ਪਤਨੀ ਸਵ. ਨਿਰਮਲ ਸਿੰਘ, ਕਸ਼ਮੀਰ ਸਿੰਘ ਪੁੱਤਰ ਰਣਜੀਤ ਸਿੰਘ, ਨਵਨੀਤ ਕੌਰ ਪਤਨੀ ਕਸ਼ਮੀਰ ਸਿੰਘ ਅਤੇ ਸੁਰਜੀਤ ਸਿੰਘ ਵਾਸੀ ਸਾਰੇ ਪਿੰਡ ਨੂਰਪੁਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਆਈ. ਪੀ. ਧਾਰਾ 302, 201, 34 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੀਤੇ ਕੁਝ ਦਿਨਾਂ ਤੋਂ ਫਗਵਾੜਾ 'ਚ ਡਿਊਟੀ ਲੱਗੀ ਹੋਣ ਕਾਰਨ ਹਾਲੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕੇਸ ਦੀ ਜਾਂਚ ਪੜਤਾਲ ਕਰਕੇ ਜਲਦੀ ਹੀ ਕੇਸ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।