ਔਰਤ ਦੀ ਸ਼ਰਮਨਾਕ ਕਰਤੂਤ, ਨਸ਼ਾ ਦੇ ਕੇ ਅੱਲੜ੍ਹ ਕੁੜੀ ਨੂੰ ਦੇਹ ਵਪਾਰ ''ਚ ਧੱਕਿਆ

01/07/2020 6:26:47 PM

ਕਪੂਰਥਲਾ (ਭੂਸ਼ਣ)— ਇਕ ਨਾਬਾਲਗ ਕੁੜੀ ਨੂੰ ਨਸ਼ੇ ਵਾਲੀਆਂ ਗੋਲੀਆਂ ਖੁਆ ਕੇ ਦੇਹ ਵਪਾਰ ਦੇ ਧੰਦੇ 'ਚ ਜ਼ਬਰਦਸਤੀ ਧੱਕਣ ਦੇ ਮਾਮਲੇ 'ਚ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਨੂੰ ਛਾਪੇਮਾਰੀ ਦੌਰਾਨ ਨਸ਼ੇ ਵਾਲੇ ਪਦਾਰਥ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਸ਼ਹਿਰ ਦੇ ਨਾਲ ਸਬੰਧਤ ਇਕ ਨਾਬਾਲਗ ਲੜਕੀ ਨੇ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਕਪੂਰਥਲਾ 'ਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿੰਦੀ ਹੈ ਅਤੇ ਗਰੀਬੀ ਕਾਰਨ ਉਹ ਸੁਨੀਤਾ ਉਰਫ ਮੁੰਨੀ ਪਤਨੀ ਗੋਰਾ ਨਿਵਾਸੀ ਗਲੀ ਮੰਗਲ ਸਿੰਘ, ਨਜ਼ਦੀਕ ਜਲੌਖਾਨਾ ਚੌਕ ਕਪੂਰਥਲਾ ਦੇ ਨਜ਼ਦੀਕ 2000 ਪ੍ਰਤੀ ਮਹੀਨਾ ਘਰ ਦਾ ਕੰਮ ਕਰਨ ਦੀ ਨੌਕਰੀ ਕਰਦੀ ਸੀ।

ਇਸੇ ਦੌਰਾਨ ਸੁਨੀਤਾ ਉਰਫ ਮੁੰਨੀ ਨੇ ਉਸ ਨੂੰ ਜ਼ਬਰਦਸਤੀ ਨਸ਼ੇ ਦੀਆਂ ਗੋਲੀਆਂ ਖਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੁੰਨੀ ਨੇ ਉਸ ਤੋਂ ਕਪੂਰਥਲਾ ਅਤੇ ਜਲੰਧਰ 'ਚ ਨਸ਼ੇ ਦੀਆਂ ਗੋਲੀਆਂ ਖਿਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਮੁੰਨੀ ਆਪਣੇ ਗਾਹਕ ਤੋਂ 4 ਤੋਂ 5 ਹਜ਼ਾਰ ਰੁਪਏ ਲੈਂਦੀ ਸੀ ਪਰ ਮੁੰਨੀ ਉਸ ਨੂੰ ਕੁਝ ਨਹੀਂ ਦਿੰਦੀ ਸੀ। ਜਦੋਂ ਉਸ ਨੇ ਮੁੰਨੀ ਦੀਆਂ ਕਰਤੂਤਾਂ ਦਾ ਵਿਰੋਧ ਕੀਤਾ ਤਾਂ ਮੁੰਨੀ ਨੇ ਉਸ ਨੂੰ ਘਰ 'ਚ ਬੰਧਕ ਬਣਾ ਲਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਦਿੱਤੀਆਂ, ਜਿਸ ਦੌਰਾਨ ਉਹ ਕਿਸੇ ਤਰ੍ਹਾਂ ਮੁੰਨੀ ਦੇ ਘਰੋਂ ਭੱਜ ਨਿਕਲੀ ਅਤੇ ਮੁੰਨੀ ਖਿਲਾਫ ਥਾਣਾ ਸਿਟੀ ਕਪੂਰਥਲਾ 'ਚ ਸ਼ਿਕਾਇਤ ਦਰਜ ਕਰਵਾਈ।

ਪੀੜਤ ਲੜਕੀ ਦੀ ਸ਼ਿਕਾਇਤ ਮਿਲਦੇ ਹੀ ਐੱਸ. ਐੱਚ. ਓ. ਸਿਟੀ ਹਰਜਿੰਦਰ ਸਿੰਘ ਨੇ ਪੂਰੇ ਮਾਮਲੇ ਦੀ ਜਾਣਕਾਰੀ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ, ਜਿਸ ਦੇ ਹੁਕਮਾਂ 'ਤੇ ਸੁਨੀਤਾ ਉਰਫ ਮੁੰਨੀ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਦੌਰਾਨ ਡੀ. ਐੱਸ. ਪੀ. ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ ਨੂੰ ਸੂਚਨਾ ਮਿਲੀ ਕਿ ਮੁੰਨੀ ਇਸ ਸਮੇਂ ਮਹਿਤਾਬਗੜ੍ਹ ਖੇਤਰ ਦੇ ਨਜ਼ਦੀਕ ਮੌਜੂਦ ਹੈ, ਜਿਸ 'ਤੇ ਡੀ. ਐੱਸ. ਪੀ. ਗਿੱਲ ਨੇ ਐੱਸ. ਐੱਚ. ਓ. ਸਿਟੀ ਹਰਜਿੰਦਰ ਸਿੰਘ ਤੇ ਮਹਿਲਾ ਇੰਸਪੈਕਟਰ ਸੁਰਿੰਦਰ ਕੌਰ ਨੂੰ ਨਾਲ ਲੈ ਕੇ ਛਾਪੇਮਾਰੀ ਦੌਰਾਨ ਸੁਨੀਤਾ ਉਰਫ ਮੁੰਨੀ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਔਰਤ ਦੀ ਤਲਾਸ਼ੀ ਦੌਰਾਨ ਉਸ ਤੋਂ 130 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਗ੍ਰਿਫਤਾਰ ਔਰਤ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀ ਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।

shivani attri

This news is Content Editor shivani attri