6 ਦਿਨਾਂ ਤੋਂ ਲਾਵਾਰਿਸ ਖੜ੍ਹੀ ਗੱਡੀ ''ਚੋਂ ਮਿਲਿਆ ਔਰਤ ਦਾ ਸਮਾਨ, ਜਬਰ-ਜ਼ਨਾਹ ਦਾ ਸ਼ੱਕ

Sunday, Feb 25, 2018 - 07:15 PM (IST)

ਬਟਾਲਾ (ਬੇਰੀ) : ਬਟਾਲਾ ਦੇ ਸਿੰਬਲ ਚੌਕ ਸਥਿਤ ਵਿਜੈ ਬੈਕਰੀ ਦੇ ਬਾਹਰ ਪੁਲਸ ਚੌਕੀ ਸਿੰਬਲ ਵਲੋਂ ਸ਼ੱਕੀ ਹਾਲਾਤ 'ਚ ਖੜ੍ਹੀ ਬੰਦ ਪਈ ਐਕਸ. ਯੂ. ਵੀ. ਗੱਡੀ ਨੂੰ ਕਬਜ਼ੇ ਵਿਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਕਾਲੇ ਰੰਗ ਦੀ ਐਕਸ. ਯੂ. ਵੀ. ਗੱਡੀ ਨੰ. ਸੀ. ਐੱਚ.-01 ਏ. ਡਬਲਯੂ-8867 ਨੂੰ ਕੁਝ ਵਿਅਕਤੀਆਂ ਨੇ ਬੀਤੀ 20 ਫਰਵਰੀ ਰਾਤ ਨੂੰ 10 ਵਜੇ ਦੇ ਕਰੀਬ ਸਿੰਬਲ ਚੌਕ ਸਥਿਤ ਵਿਜੈ ਬੇਕਰੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਸੀ ਪਰ ਉਸ ਵੇਲੇ ਬੈਕਰੀ ਬੰਦ ਹੋ ਚੁੱਕੀ ਸੀ ਅਤੇ ਉਥੇ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਸਬੰਧਤ ਉਕਤ ਗੱਡੀ ਵਿਚ ਸਵਾਰ ਵਿਅਕਤੀ ਇਹ ਕਹਿ ਕੇ ਗਏ ਕਿ ਉਹ ਬੈਕਰੀ ਦੇ ਪੱਕੇ ਗ੍ਰਾਹਕ ਹਨ ਅਤੇ ਉਨ੍ਹਾਂ ਦੀ ਗੱਡੀ ਖਰਾਬ ਹੋ ਗਈ ਹੈ, ਉਹ ਇਥੇ ਖੜ੍ਹੀ ਕਰਕੇ ਜਾ ਰਹੇ ਹਨ ਅਤੇ ਬਾਅਦ ਵਿਚ ਆ ਕੇ ਲੈ ਜਾਣਗੇ ਪਰ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਬੰਧਤ ਵਿਅਕਤੀ ਆਪਣੀ ਗੱਡੀ ਜਦੋਂ ਲੈਣ ਨਹੀਂ ਪਹੁੰਚੇ ਤਾਂ ਬੈਕਰੀ ਦੇ ਮਾਲਕਾਂ ਨੇ ਇਸ ਬਾਰੇ ਪੁਲਸ ਚੌਕੀ ਸਿੰਬਲ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਸ ਚੌਕੀ ਇੰਚਾਰਜ ਏ.ਐੱਸ.ਆਈ ਅਸ਼ੋਕ ਕੁਮਾਰ ਤੇ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਸੁਖਦੇਵ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਕੇ ਗੱਡੀ ਦੀ ਜਾਂਚ ਕੀਤੀ।
PunjabKesari
ਉਕਤ ਮਾਮਲੇ ਸਬੰਧੀ ਜਦੋਂ ਚੌਕੀ ਇੰਚਾਰਜ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਗੱਡੀ ਦੀ ਜਾਂਚ ਦੌਰਾਨ ਇਸਦੇ ਦੋ ਨੰਬਰ ਸਾਹਮਣੇ ਆਏ ਹਨ, ਇਕ ਸੀ.ਐੱਚ.-01ਏ.ਡਬਲਯੂ-8867 ਤੇ ਦੂਜਾ ਐੱਚ.ਆਰ-99ਏ.ਸੀ.ਡੀ-ਟੈਂਪਰੇਰੀ-2259 ਹੈ ਅਤੇ ਉਕਤ ਗੱਡੀ ਬੰਦ ਸੀ ਜਦੋਂ ਗੱਡੀ ਨੂੰ ਖੋਲ੍ਹ ਕੇ ਅੰਦਰੋਂ ਤਲਾਸ਼ ਲਈ ਗਈ ਤਾਂ ਉਸ ਵਿਚ ਇਕ ਲੇਡੀਜ਼ ਸਲਵਾਰ, ਇਕ ਚੁੰਨੀ ਤੇ ਲੇਡੀਜ਼ ਸੈਂਡਲ ਬਰਾਮਦ ਹੋਇਆ। ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਮਿਲੇ ਸਾਮਾਨ 'ਤੇ ਗੱਡੀ ਦੀ ਹਾਲਤ ਤੋਂ ਇਹੀ ਸਾਹਮਣੇ ਆਇਆ ਹੈ ਕਿ ਸ਼ਾਇਦ ਗੱਡੀ ਨਾਲ ਸਬੰਧਤ ਨੌਜਵਾਨਾਂ ਵਲੋਂ ਜਬਰ-ਜ਼ਨਾਹ ਕੀਤਾ ਗਿਆ ਹੋਵੇ।
ਚੌਕੀ ਇੰਚਾਰਜ ਅਸ਼ੋਕ ਕੁਮਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਉਕਤ ਗੱਡੀ ਤੇ ਮਿਲਿਆ ਸਾਮਾਨ ਕਬਜ਼ੇ ਵਿਚ ਲੈਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਗੱਡੀ ਨਾਲ ਸਬੰਧਤ ਨੌਜਵਾਨ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਏ ਹਨ ਅਤੇ ਜਲਦ ਹੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ।


Related News