ਖੇਤਾਂ ''ਚੋਂ ਮਿਲੀ ਗੁੰਮ ਹੋਈ ਔਰਤ ਦੀ ਲਾਸ਼, ਦੋ ਖਿਲਾਫ ਮਾਮਲਾ ਦਰਜ

10/31/2018 4:52:21 PM

ਗੁਰਦਾਸਪੁਰ (ਹਰਮਨਪ੍ਰੀਤ) : ਗੁਰਦਾਸਪੁਰ ਦੀ ਪੁਲਸ ਨੇ ਇਕ ਔਰਤ ਦੀ ਹੱਤਿਆ ਦੇ ਮਾਮਲੇ 'ਚ ਦੋ ਵਿਅਕਤੀਆਂ ਖਿਲਾਫ਼ ਧਾਰਾ 302, 201, 34 ਤਹਿਤ ਮਾਮਲਾ ਦਰਜ ਕੀਤਾ ਹੈ, ਫਿਲਹਾਲ ਦੋਵੇਂ ਵਿਅਕਤੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਟੀਨਾ ਪੁੱਤਰੀ ਗੁਲਜਾਰ ਮਸੀਹ ਵਾਸੀ ਪੀਰਾਂਬਾਗ ਨੇ ਰਿਪੋਰਟ ਦਰਜ ਕਰਵਾਈ ਸੀ ਕਿ 12 ਅਕਤੂਬਰ ਨੂੰ ਉਸ ਦੀ ਮਾਤਾ ਭੋਲੀ ਰੋਟੀ ਬਣਾਉਣ ਲਈ ਰੋਜ਼ਾਨਾ ਵਾਂਗ ਲੱਕੜੀਆਂ ਇਕੱਠੀਆਂ ਕਰਨ ਲਈ ਘਰੋਂ ਗਈ ਸੀ ਪਰ ਉਹ ਵਾਪਿਸ ਨਹੀਂ ਆਈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਲੜਕੀ ਨੇ ਦੱਸਿਆ ਕਿ ਮੰਗਾ ਮਸੀਹ ਪੁੱਤਰ ਸੋਹਣ ਮਸੀਹ ਵਾਸੀ ਪੀਰਾਂਬਾਗ ਅਤੇ ਅੰਗਦ ਸਿੰਘ ਵਾਸੀ ਗੁਰਦਾਸਨੰਗਲ ਨੇ ਉਸ ਕੋਲ ਆ ਕੇ ਕਿਹਾ ਕਿ ਉਹ 30 ਹਜ਼ਾਰ ਰੁਪਏ ਦਾ ਬੰਦੋਬਸਤ ਕਰ ਲਵੇ ਤਾਂ ਉਸ ਦੀ ਮਾਂ ਨੂੰ ਲੱਭ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਉਸ ਨੂੰ ਫੋਨ ਵੀ ਕਰਦੇ ਸਨ ਪਰ ਬਾਅਦ ਵਿਚ 30 ਅਕਤੂਬਰ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਮਾਤਾ ਦੀ ਲਾਸ਼ ਇਕਬਾਲ ਸਿੰਘ ਪਿੰਡ ਸਲੇਮਪੁਰ ਅਰਾਈਆਂ ਦੇ ਖੇਤਾਂ 'ਚੋਂ ਮਿਲੀ ਹੈ। ਇਸ ਕਾਰਨ ਪੁਲਸ ਨੇ ਮ੍ਰਿਤਕਾ ਦੀ ਬੇਟੀ ਦੇ ਬਿਆਨਾਂ ਦੇ ਆਧਾਰ 'ਤੇ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।