ਪਤੀ ਦੀ ਸਹਿਮਤੀ ਦੇ ਬਿਨਾਂ ਮਹਿਲਾ ਨੇ ਕਰਵਾਇਆ ਦੂਜਾ ਵਿਆਹ

11/14/2017 4:49:46 AM

ਕਪੂਰਥਲਾ, (ਭੂਸ਼ਣ)- ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਦੂਜਾ ਵਿਆਹ ਕਰਨ ਅਤੇ ਘਰ ਵਿਚ ਪਿਆ 25-30 ਤੋਲੇ ਸੋਨਾ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਫਿਲਹਾਲ ਮਾਮਲੇ ਵਿਚ ਨਾਮਜ਼ਦ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀ ਹੋ ਸਕੀ ਹੈ ।
 ਜਾਣਕਾਰੀ ਅਨੁਸਾਰ ਕਮਲ ਵਰਮਾ ਪੁੱਤਰ ਸੁਦਰਸ਼ਨ ਕੁਮਾਰ  ਨਿਵਾਸੀ ਅਰਬਨ ਅਸਟੇਟ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ 19 ਫਰਵਰੀ 1999 ਵਿਚ ਲੁਧਿਆਣਾ ਵਿਖੇ ਹੋਇਆ ਸੀ, ਉਸ ਦੀ ਪਤਨੀ ਮੀਨਾਕਸ਼ੀ ਵਰਮਾ ਉਰਫ ਅਲਕਾ ਰਾਜਪੂਤ ਟਾਟਾ ਨਗਰ ਹਾਵੜਾ ਕੋਲਕਤਾ ਪੱਛਮੀ ਬੰਗਾਲ ਨਾਲ ਸਬੰਧਤ ਹੈ। ਵਿਆਹ ਵਿਚ ਉਸ ਨੇ ਕੋਈ ਦਾਜ-ਦਹੇਜ ਨਹੀਂ ਲਿਆ ਸੀ। ਵਿਆਹ ਦੇ ਕੁਝ ਹੀ ਦਿਨ ਬਾਅਦ ਵਿਚ ਉਸ ਦੀ ਪਤਨੀ ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸ ਦੀ ਪਤਨੀ ਨੇ 2001 ਵਿਚ ਇਕ ਮੁੰਡੇ ਨੂੰ ਜਨਮ ਦਿੱਤਾ।  
ਉਹ ਲਗਾਤਾਰ ਆਪਣੀ ਪਤਨੀ ਦੇ ਗਲਤ ਸੁਭਾਅ ਨੂੰ ਬਰਦਾਸ਼ਤ ਕਰਦਾ ਰਿਹਾ ਪਰ ਇਸ ਦੇ ਬਾਵਜੂਦ ਵੀ ਉਸ ਨੇ ਆਪਣਾ ਸੁਭਾਅ ਨਹੀਂ ਬਦਲਿਆ ਅਤੇ ਉਸ ਨਾਲ ਲੜਾਈ-ਝਗੜੇ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ । ਇਸ ਦੌਰਾਨ ਉਸ ਦੀ ਪਤਨੀ ਨੇ ਉਸ ਤੋਂ ਧਾਰਮਿਕ ਯਾਤਰਾ ਲਈ 50 ਹਜ਼ਾਰ ਰੁਪਏ ਦੀ ਰਕਮ ਲਈ, ਜਿਸ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਕਿ ਇਹ ਰਕਮ ਉਸ ਦੀ ਪਤਨੀ ਨੇ ਕੋਲਕਾਤਾ ਵਿਚ ਆਪਣੇ ਘਰ ਦੇ ਨਜ਼ਦੀਕ ਰਹਿਣ ਵਾਲੇ ਕੈਲਾਸ਼ ਨਾਮਕ ਨੌਜਵਾਨ ਨੂੰ ਦੇ ਦਿੱਤੀ ਹੈ, ਜਿਸ ਨਾਲ ਉਸ ਦੀ ਪਤਨੀ ਨੇ ਉਸ ਦੀ ਸਹਿਮਤੀ ਦੇ ਬਿਨਾਂ ਵਿਆਹ ਕਰ ਲਿਆ ਸੀ, ਜਿਸ ਸਬੰਧੀ ਉਸ ਕੋਲ ਸਾਰੇ ਸਬੂਤ ਹਨ ।  
ਇਸ ਦੌਰਾਨ ਉਸ ਦੀ ਪਤਨੀ ਆਪਣੀ ਮਾਤਾ ਪ੍ਰਵੀਨ ਰਾਜਪੂਤ , ਪਿਤਾ ਸੁਰਜੀਤ ਰਾਜਪੂਤ, ਭਰਾ ਸੰਜੀਵ ਰਾਜਪੂਤ, ਭਰਾ ਦੀ ਪਤਨੀ ਮਧੂ ਰਾਜਪੂਤ ਅਤੇ ਕੈਲਾਸ਼ ਨਾਲ ਮਿਲ ਕੇ ਘਰ ਤੋਂ 25-30 ਤੋਲੇ ਸੋਨਾ, ਹਜ਼ਾਰਾਂ ਰੁਪਏ ਦੀ ਨਕਦੀ ਤੇ ਇਕ ਆਈਫੋਨ ਚੋਰੀ ਕਰ ਕੇ ਲੈ ਗਏ ਅਤੇ ਉਹ ਉਸ ਨੂੰ ਲਗਾਤਾਰ ਧਮਕੀਆਂ ਦਿੰਦੀ ਰਹੀ । ਐੱਸ. ਐੱਸ. ਪੀ. ਕਪੂਰਥਲਾ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਸਿਟੀ ਦੇ ਐੱਸ. ਐੱਚ. ਓ. ਨੂੰ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਮੁਲਜ਼ਮ ਅਲਕਾ ਰਾਜਪੂਤ ਉਰਫ ਮੀਨਾਕਸ਼ੀ ਵਰਮਾ, ਪ੍ਰਵੀਨ ਰਾਜਪੂਤ, ਸੁਰਜੀਤ ਰਾਜਪੂਤ, ਸੰਜੀਵ ਰਾਜਪੂਤ, ਮਧੂ ਰਾਜਪੂਤ ਅਤੇ ਕੈਲਾਸ਼ ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ ਗਏ, ਜਿਸ ਦੇ ਆਧਾਰ 'ਤੇ ਸਾਰੇ 6 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।