ਇੱਛਾ ਮੌਤ ਲਈ ਪੀ. ਐੱਮ. ਨੂੰ ਲਿਖਿਆ ਪੱਤਰ

02/15/2018 5:51:38 AM

ਅੰਮ੍ਰਿਤਸਰ,   (ਦਲਜੀਤ)-   ਨਵੰਬਰ 2014 'ਚ ਠੇਕੇ 'ਤੇ ਰੱਖੇ ਗਏ ਸਰਕਾਰੀ ਅਧਿਆਪਕਾਂ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਭੇਜੇ ਪੱਤਰ ਵਿਚ ਇੱਛਾ ਮੌਤ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। 5178 ਅਧਿਆਪਕ ਯੂਨੀਅਨ ਮੈਂਬਰਾਂ ਨੇ ਖੂਨ ਨਾਲ ਹਸਤਾਖਰ ਕਰ ਕੇ ਪੀ. ਐੱਮ. ਨੂੰ ਪੱਤਰ ਭੇਜਿਆ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 2011 'ਚ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਤੋਂ ਬਾਅਦ ਨਵੰਬਰ '14 ਵਿਚ ਉਹ ਸਰਕਾਰੀ ਸੇਵਾ 'ਤੇ ਜੌਬ ਕਰਨ ਲੱਗੇ ਸਨ। ਸਰਕਾਰ ਨੇ ਬਾਕਾਇਦਾ 5178 ਅਧਿਆਪਕਾਂ ਨੂੰ ਰੱਖਣ ਲਈ ਇਸ਼ਤਿਹਾਰ ਵੀ ਕੱਢਿਆ ਸੀ। ਉਨ੍ਹਾਂ ਦੀ ਨਿਯੁਕਤੀ ਸਿਰਫ 6 ਹਜ਼ਾਰ ਮਾਸਿਕ ਤਨਖਾਹ 'ਤੇ ਹੋਈ ਸੀ। ਉਸ ਸਮੇਂ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਨਿਯੁਕਤੀ ਪੱਤਰ ਦੀਆਂ ਸੇਵਾ ਸ਼ਰਤਾਂ ਅਨੁਸਾਰ 3 ਸਾਲ ਦਾ ਠੇਕਾ ਕੀਤਾ ਸੀ, ਉਸ ਤੋਂ ਬਾਅਦ 10300, 34800, 5000 ਦੇ ਰੈਗੂਲਰ ਗ੍ਰੇਡ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤੱਕ ਵੀ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ।
ਯੂਨੀਅਨ ਨੇ ਡੀ. ਪੀ. ਆਈ., ਸਿੱਖਿਆ ਸਕੱਤਰ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ 'ਤੇ ਸੰਧੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਯੂਨੀਅਨ ਦੇ ਉਪ ਪ੍ਰਧਾਨ ਜਸਵਿੰਦਰ ਔਜਲਾ ਨੇ ਕਿਹਾ ਕਿ ਉਹ ਪਿਛਲੇ 3 ਸਾਲਾਂ ਦੇ ਵੱਧ ਸਮੇਂ ਤੋਂ 6 ਹਜ਼ਾਰ ਦੀ ਨਾਮਾਤਰ ਤਨਖਾਹ 'ਤੇ ਕੰਮ ਕਰ ਰਹੇ ਹਨ, ਇੰਨੀ ਘੱਟ ਤਨਖਾਹ 'ਚ ਘਰ ਦਾ ਗੁਜ਼ਾਰਾ ਚਲਾਉਣਾ ਅਸੰਭਵ ਹੈ। ਮਜਬੂਰਨ ਸਾਨੂੰ ਪੀ. ਐੱਮ. ਨੂੰ ਆਪਣੇ ਖੂਨ ਨਾਲ ਹਸਤਾਖਰ ਵਾਲਾ ਪੱਤਰ ਭੇਜ ਕੇ ਇੱਛਾ ਮੌਤ ਦੀ ਮੰਗ ਕਰਨੀ ਪੈ ਰਹੀ ਹੈ। ਇਸ ਪੱਤਰ 'ਤੇ ਯੂਨੀਅਨ ਦੇ ਮੈਂਬਰਾਂ ਕੁਸ਼ਲ ਕੁਮਾਰ, ਜਸਵਿੰਦਰ ਔਜਲਾ, ਕਰਨਜੀਤ ਸਿੰਘ, ਯਸ਼ਪਾਲ, ਗੁਰਪ੍ਰੀਤ, ਬਲਜਿੰਦਰ, ਸਿਮਰਨਜੀਤ ਸਿੰਘ ਤੇ ਸ਼ੈਲੀ ਸਮੇਤ ਕਈ ਹੋਰ ਅਧਿਆਪਕਾਂ ਨੇ ਖੂਨ ਨਾਲ ਹਸਤਾਖਰ ਕੀਤੇ।