ਜ਼ੀਰਕਪੁਰ ''ਚ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਲੱਗ ਰਹੀ ਅੱਗ, ਲੋਕਾਂ ਨੇ ਜਤਾਇਆ ਰੋਸ

03/31/2021 3:35:52 PM

ਜ਼ੀਰਕਪੁਰ (ਮੇਸ਼ੀ) : ਬੀਤੇ ਦਿਨੀਂ ਜ਼ੀਰਕਪੁਰ ਦੇ ਗੋਲਡਨ ਇਨਕਲੇਵ ਵਿਖੇ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਕਾਰਨ ਅੱਗ ਲੱਗਣ ਕਰਕੇ ਲੋਕਾਂ 'ਚ ਦਹਿਸ਼ਤ ਪਾਈ ਗਈ। ਪਾਵਰਕਾਮ  ਮਹਿਕਮਾ ਫਿਰ ਵੀ ਸੁੱਤਾ ਪਿਆ ਦਿਖਾਈ ਦੇ ਰਿਹਾ ਹੈ। ਅੱਜ ਬਲਟਾਣਾ ਦੇ ਗੋਬਿੰਦ ਬਿਹਾਰ ਵਿਖੇ ਇਲਾਕਾ ਨੇ ਦੱਸਿਆ ਕਿ ਇਥੋਂ ਦੀਆ ਗਲੀਆਂ ਵਿਚ ਬਿਜਲੀ ਦੇ ਮੀਟਰ ਬਕਸਿਆ ਵਿੱਚ ਨੰਗੀਆਂ ਤਾਰਾਂ, ਖੁੱਲ੍ਹੇ ਮੀਟਰ ਅਤੇ ਵਾਧੂ ਖੰਬਿਆ ਤੇ ਤਾਰਾਂ ਦੇ ਜਾਲ ਵਿਛਾਏ ਹੋਏ ਹਨ, ਜਿਨ੍ਹਾਂ ਵਿੱਚ ਹਰ ਸਮੇਂ ਸਪਾਰਕਿੰਗ ਹੋਣ ਕਾਰਨ ਪਟਾਕੇ ਪੈਣ ਕਰਕੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ।

ਇਸ ਕਾਰਨ ਜਿੱਥੇ ਅੱਗ ਲੱਗਣ ਅਤੇ ਕਰੰਟ ਆਉਣ ਦਾ ਡਰ ਬਣਿਆ ਹੋਇਆ ਹੈ, ਉਥੇ ਹੀ ਲੋਕਾਂ ਵਿਚ ਪਾਵਰਕਾਮ ਵਿਚ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਰਮੀ ਦੇ ਸੀਜ਼ਨ ਦੌਰਾਨ ਏ. ਸੀ. ਚੱਲਣ ਕਾਰਨ ਲੋਡ ਵੱਧ ਜਾਂਦਾ ਹੈ, ਜਿਸ ਕਰਕੇ ਤਾਰਾਂ ਵਿੱਚ ਲੋਡ ਕਪੈਸਟੀ ਝੱਲਣ ਦੀ ਸਮਰੱਥਾ ਘੱਟ ਹੋਣ ਕਾਰਨ ਪਟਾਕੇ ਅਤੇ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਮੀਟਰ ਬਕਸਿਆਂ ਨਜ਼ਦੀਕ ਖੇਡਦੇ ਬੱਚੇ ਵੀ ਖ਼ਤਰੇ ਵਿੱਚ ਰਹਿੰਦੇ ਹਨ।

ਇਲਾਕਾ ਵਾਸੀਆਂ ਨੇ ਕਿਹਾ ਕਿ ਸਬੰਧਿਤ ਮਹਿਕਮੇ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਹਾਲੇ ਤਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ, ਜਿਸ ਕਰਕੇ ਲੋਕਾਂ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਮੁੱਖ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੈਦਾ ਨਾ ਹੋ ਸਕੇ।
 

Babita

This news is Content Editor Babita