ਕੈਪਟਨ ਸਰਕਾਰ ਦੀ ਪੁਲਸ ਤੇ ਪ੍ਰਸ਼ਾਸਨ ਸ਼ਰਾਬ ਦੇ ਠੇਕੇਦਾਰਾਂ ''ਤੇ ਮਿਹਰਬਾਨ

07/21/2020 3:46:44 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਕੋਰੋਨਾ ਮਹਾਮਾਰੀ ਕਾਰਨ ਲਾਗੂ ਹੋਈ ਤਾਲਾਬੰਦੀ ਹੁਣ ਖੁੱਲ੍ਹ ਚੁੱਕੀ ਹੈ ਪਰ ਕੋਰੋਨਾ ਕਾਰਨ ਸਰਕਾਰ ਨੇ ਜਿੰਮ, ਸਕੂਲ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਪੂਰਨ ਤੌਰ ’ਤੇ ਬੰਦ ਰੱਖਣ ਦੇ ਨਿਰਦੇਸ਼ ਹਨ। ਇਸ ਦੇ ਉਲਟ ਕੈਪਟਨ ਸਰਕਾਰ ਦਾ ਪੁਲਸ ਤੇ ਪ੍ਰਸ਼ਾਸਨ ਸ਼ਰਾਬ ਠੇਕੇਦਾਰਾਂ ਦੀ ਆਮਦਨ ਵਧਾਉਣ ਲਈ ਇਸ ਕਦਰ ਮਿਹਰਬਾਨ ਹੈ ਕਿ ਪਾਬੰਦੀ ਦੇ ਬਾਵਜੂਦ ਠੇਕਿਆਂ ਦੇ ਨਾਲ ਮਹਿਖਾਨੇ (ਅਹਾਤੇ) ਸ਼ਰੇਆਮ ਖੁੱਲ੍ਹਦੇ ਹਨ, ਜਿੱਥੇ ਸ਼ਰਾਬੀ ਸ਼ਾਮ ਢਲੀ ’ਤੇ ਜਾਮ ਟਕਰਾਉਂਦੇ ਹਨ, ਜਿਨ੍ਹਾਂ 'ਤੇ ਕੋਈ ਪਾਬੰਦੀ ਨਹੀਂ।

ਅੱਜ ਪੱਤਰਕਾਰਾਂ ਵਲੋਂ ਜਦੋਂ ਮਾਛੀਵਾੜਾ-ਕੁਹਾੜਾ ਰੋਡ ’ਤੇ ਸਥਿਤ ਪਿੰਡ ਹਾੜੀਆਂ ਵਿਖੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਇੱਕ ਸ਼ਰਾਬ ਠੇਕੇ ’ਤੇ ਦੇਖਿਆ ਤਾਂ ਉੱਥੇ ਪਾਬੰਦੀ ਦੇ ਬਾਵਜੂਦ ਅਹਾਤੇ ਖੁੱਲ੍ਹੇ ਸਨ ਅਤੇ ਜਾਮ ਟਕਰਾਏ ਜਾ ਰਹੇ ਸਨ। ਜਦੋਂ ਤੋਂ ਤਾਲਾਬੰਦੀ ਖੁੱਲ੍ਹੀ ਹੈ ਅਤੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ, ਉਸ ਤੋਂ ਬਾਅਦ ਅਹਾਤੇ ਵੀ ਖੁੱਲ੍ਹ ਗਏ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਕਸਾਈਜ਼ ਮਹਿਕਮੇ ਵਲੋਂ ਇਨ੍ਹਾਂ ਨੂੰ ਖੋਲ੍ਹਣ ਦੀ ਬਿਲਕੁਲ ਵੀ ਪ੍ਰਵਾਨਗੀ ਨਹੀਂ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਬੱਚਿਆਂ ਦੇ ਸਕੂਲ ਜਿੱਥੇ ਉਹ ਸਿੱਖਿਆ ਹਾਸਿਲ ਕਰ ਦੇਸ਼ ਦਾ ਭਵਿੱਖ ਬਣਦੇ ਹਨ, ਕਾਲਜ ਤੇ ਸਿੱਖਿਆ ਸੰਸਥਾਵਾਂ 'ਚ ਜਿੱਥੇ ਨੌਜਵਾਨ ਉਚੇਰੀ ਵਿੱਦਿਆ ਪ੍ਰਾਪਤ ਕਰ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਸੂਬੇ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਹਨ,  ਇਸ ਤੋਂ ਇਲਾਵਾ ਜਿੰਮ ਜਿੱਥੇ ਨੌਜਵਾਨ ਕਸਰਤ ਕਰ ਸਰੀਰ ਪੱਖੋਂ ਤੰਦਰੁਸਤ ਰਹਿੰਦੇ ਹਨ, ਇਨ੍ਹਾਂ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਅਤੇ ਜੇਕਰ ਇਸ ਦੀ ਕੋਈ ਉਲੰਘਣਾ ਕਰੇ ਤਾਂ ਉਸ ਉਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਜਿੱਥੇ ਸਿਆਸੀ ਅਸਰ ਰਸੂਖ਼ ਰੱਖਣ ਵਾਲੇ ਸ਼ਰਾਬ ਠੇਕੇਦਾਰ ਜੋ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪੰਜਾਬ ’ਚ ਕਈ ਥਾਵਾਂ ’ਤੇ ਅਹਾਤੇ ਖੋਲ੍ਹ ਕੇ ਕੋਰੋਨਾ ਮਹਾਮਾਰੀ ਫੈਲਾਉਣ ਲਈ ਯੋਗਦਾਨ ਪਾ ਰਹੇ ਹਨ, ਉਨ੍ਹਾਂ ’ਤੇ ਕੈਪਟਨ ਸਰਕਾਰ ਦਾ ਪੁਲਸ ਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਤੋਂ ਪਾਸਾ ਵੱਟ ਜਾਂਦਾ ਹੈ।

ਇੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਪੁਲਸ-ਪ੍ਰਸ਼ਾਸਨ ਨੇ ਸੜਕਾਂ ’ਤੇ ਬਿਨ੍ਹਾਂ ਮਾਸਕ ਲਗਾਏ ਘੁੰਮਦੇ ਲੋਕਾਂ ਤੋਂ ਕਰੋੜਾਂ ਰੁਪਏ ਦਾ ਜ਼ੁਰਮਾਨਾ ਵਸੂਲ ਲਿਆ ਪਰ ਸੱਤਾਧਿਰ ਨਾਲ ਜੁੜੇ ਸ਼ਰਾਬ ਠੇਕੇਦਾਰ ਸ਼ਰੇਆਮ ਅਹਾਤੇ ਖੋਲ੍ਹ ਕੇ ਅਤੇ ਉਨ੍ਹਾਂ ਦੇ ਕਰਿੰਦੇ ਬਿਨ੍ਹਾਂ ਮਾਸਕ ਪਹਿਨੇ ਸ਼ਰਾਬ ਦੀ ਵਿਕਰੀ ਕਰਦੇ ਹਨ, ਉਨ੍ਹਾਂ ’ਤੇ ਕਾਰਵਾਈ ਕਰਨ ਲਈ ਕੈਪਟਨ ਸਰਕਾਰ ਦਾ ਪੁਲਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮਾਸਕ ਨਾ ਪਹਿਨਣ ’ਤੇ ਕਰੋੜਾਂ ਰੁਪਏ ਦਾ ਜ਼ੁਰਮਾਨਾ ਅਦਾ ਕਰ ਸਰਕਾਰੀ ਖ਼ਜਾਨਾ ਭਰਨ ਵਾਲੇ ਲੋਕ ਇਹ ਜ਼ਰੂਰ ਪੁੱਛਦੇ ਹਨ ਕਿ ਸਿਰਫ ਕਾਨੂੰਨ ਆਮ ਜਨਤਾ ਲਈ ਬਣਿਆ ਹੈ, ਜਦਕਿ ਸ਼ਰਮਾਏਦਾਰ, ਸ਼ਰਾਬ ਠੇਕੇਦਾਰ ਅਤੇ ਸਿਆਸੀ ਰਸੂਖ਼ ਰੱਖਣ ਵਾਲੇ ਇਨ੍ਹਾਂ ਵਿਅਕਤੀਆਂ ’ਤੇ ਵੀ ਕਦੇ ਕਾਰਵਾਈ ਹੋਵੇਗੀ?

ਪੁਲਸ ਤੇ ਐਕਸਾਈਜ਼ ਮਹਿਕਮੇ ਇੱਕ-ਦੂਜੇ ’ਤੇ ਪੱਲਾ ਝਾੜਦੇ ਰਹੇ

ਜਦੋਂ ਇਸ ਸਬੰਧੀ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਵਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸ਼ਰਾਬ ਦੇ ਠੇਕੇ ਨਾਲ ਖੁੱਲ੍ਹਦੇ ਅਹਾਤੇ ਮੁਕੰਮਲ ਤੌਰ ’ਤੇ ਬੰਦ ਹਨ, ਇੱਥੋਂ ਤੱਕ ਕਿ ਇਨ੍ਹਾਂ ਦੀ ਜੋ ਸਰਕਾਰੀ ਫੀਸ ਬਣਦੀ ਹੈ, ਉਹ ਵੀ ਨਹੀਂ ਵਸੂਲੀ ਗਈ। ਉਨ੍ਹਾਂ ਕਿਹਾ ਕਿ ਜੇਕਰ ਅਹਾਤਾ ਖੁੱਲ੍ਹਦਾ ਹੈ ਤਾਂ ਪੁਲਸ ਮਹਿਕਮੇ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਥਾਣਾ ਕੂੰਮਕਲਾਂ ਦੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਐਕਸਾਈਜ਼ ਮਹਿਕਮਾ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਏ ਕਿ ਬਿਨ੍ਹਾਂ ਪ੍ਰਵਾਨਗੀ ਤੋਂ ਸ਼ਰਾਬ ਦੇ ਅਹਾਤੇ ਖੁੱਲ੍ਹੇ ਹਨ ਤਾਂ ਉਹ ਤੁਰੰਤ ਉਨ੍ਹਾਂ ’ਤੇ ਮਾਮਲੇ ਦਰਜ ਕਰ ਦੇਣਗੇ। ਫਿਲਹਾਲ ਦੋਵੇਂ ਮਹਿਕਮੇ ਕਾਰਵਾਈ ਕਰਨ ਦੇ ਮਾਮਲੇ ਤੋਂ ਇੱਕ-ਦੂਜੇ ਤੋਂ ਪੱਲਾ ਝਾੜ ਗਏ। 


Babita

Content Editor

Related News