ਜੰਮੂਤਵੀ ਰੇਲਵੇ ਸਟੇਸ਼ਨ ''ਤੇ ਟਿਕਟ ਦਲਾਲਾਂ ਨਾਲ ਮਿਲ ਕੇ ਖੇਡੀ ਜਾਂਦੀ ਹੈ ''ਸ਼ਰਾਬ ਦੀ ਖੇਡ''

Friday, Jul 06, 2018 - 06:54 AM (IST)

ਫਿਰੋਜ਼ਪੁਰ (ਆਨੰਦ) - ਰੇਲਵੇ ਕਰਮਚਾਰੀਆਂ ਦੀ ਟਿਕਟ ਦਲਾਲਾਂ ਨਾਲ ਮਿਲੀਭੁਗਤ ਅਤੇ ਉਨ੍ਹਾਂ ਦੇ ਇਕ ਵੱਡੇ ਨੈੱਟਵਰਕ ਦੀ ਗੱਲ ਤਾਂ ਜਗ ਜ਼ਾਹਿਰ ਹੈ ਪਰ ਹੁਣ ਟਿਕਟ ਖੇਡ ਦੇ ਨਾਲ-ਨਾਲ ਕੁਝ ਰੇਲਵੇ ਕਰਮਚਾਰੀ ਚਾਰਟਿੰਗ ਰੂਮ ਵਿਚ ਹੀ ਦਲਾਲਾਂ ਨਾਲ ਮਿਲ ਕੇ 'ਸ਼ਰਾਬ ਦੀ ਖੇਡ' ਬਾਖੂਬੀ ਖੇਡ ਕੇ ਨਿਯਮਾਂ ਨੂੰ ਅਣਦੇਖਿਆ ਕਰ ਕੇ ਉਸ ਨੂੰ ਛਿੱਕੇ 'ਤੇ ਟੰਗ ਰਹੇ ਹਨ।
ਜੰਮੂਤਵੀ ਵਰਗੇ ਬਹੁਤ ਹੀ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਰੇਲਵੇ ਸਟੇਸ਼ਨ ਦਾ ਰਿਜ਼ਰਵੇਸ਼ਨ ਸੈਂਟਰ ਦੇ ਕਮਰੇ ਵਿਚ ਕੁੱਝ ਬਾਹਰੀ ਵਿਅਕਤੀਆਂ ਅਤੇ ਦਲਾਲਾਂ ਨਾਲ ਰੇਲਵੇ ਕਰਮਚਾਰੀਆਂ ਦੀ ਮਿਲੀਭੁਗਤ ਅਤੇ ਰਿਜ਼ਰਵੇਸ਼ਨ ਸੈਂਟਰ ਦੇ ਚਾਰਟਿੰਗ ਰੂਮ ਵਿਚ ਹੀ ਸ਼ਰਾਬ ਦਾ ਇੰਜੁਆਏ ਕਰਨ ਦਾ ਇਕ ਵੀਡੀਓ ਦਿੱਲੀ ਵਿਚ ਬੈਠੇ ਰੇਲਵੇ ਦੇ ਵੱਡੇ ਅਧਿਕਾਰੀਆਂ ਕੋਲ ਪਹੁੰਚ ਗਿਆ ਹੈ। ਇਸ ਘਟਨਾ ਦੇ ਸਾਹਮਣੇ ਆਉਣ 'ਤੇ ਵਿਭਾਗ ਵਿਚ ਭਾਜੜ ਮਚ ਗਈ ਹੈ।
ਜਾਣਕਾਰੀ ਮੁਤਾਬਕ ਕਥਿਤ ਤੌਰ 'ਤੇ ਜੰਮੂਤਵੀ ਦੇ ਚਾਰਟਿੰਗ ਕੰਪਲੈਕਸ ਰੂਮ ਵਿਚ ਟਿਕਟ ਦੇ ਕੁਝ ਦਲਾਲ ਕਰਮਚਾਰੀਆਂ ਨਾਲ ਬੈਠ ਕੇ ਕਮਰਾ ਬੰਦ ਕਰਕੇ ਸ਼ਰਾਬ ਪੀ ਰਹੇ ਸਨ ਅਤੇ ਇਸ ਘਟਨਾ ਨੂੰ ਕੈਮਰੇ ਵਿਚ ਕੈਦ ਕਰ ਲਿਆ ਗਿਆ ਸੀ। ਉਕਤ ਵੀਡੀਓ ਪੈਨ ਡਰਾਈਵ ਵਿਚ ਪਾ ਕੇ ਜੰਮੂਤਵੀ ਦੇ ਸਟੇਸ਼ਨ ਡਾਇਰੈਕਟਰ ਨਵੀਨ ਕੁਮਾਰ ਸਮੇਤ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਦੇ ਕੋਲ ਪਹੁੰਚਿਆ। ਇਸ ਤੋਂ ਬਾਅਦ ਇਸ ਨੂੰ ਦਿੱਲੀ ਵਿਚ ਬੈਠੇ ਰੇਲਵੇ ਦੇ ਅਧਿਕਾਰੀਆਂ ਕੋਲ ਪਹੁੰਚਾਇਆ ਗਿਆ ਸੀ।
ਹਾਲਾਂਕਿ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਵਣਜ ਮੰਡਲ ਪ੍ਰਬੰਧਕ ਹਰੀ ਮੋਹਨ ਨੇ ਸਖਤ ਨੋਟਿਸ ਲੈਂਦੇ ਹੋਏ 3 ਕਰਮਚਾਰੀਆਂ ਵਿਜੇ ਕੁਮਾਰ ਸ਼ਰਮਾ ਸੀ. ਆਰ. ਐੱਸ. ਜੰਮੂਤਵੀ,  ਅਸ਼ੋਕ  ਕੁਮਾਰ ਹੈੱਡ ਬੁਕਿੰਗ ਕਲਰਕ, ਚਪੜਾਸੀ ਜੈਕਰਨ ਨੂੰ ਸਸਪੈਂਡ ਕਰ ਦਿੱਤਾ  ਹੈ, ਜਦਕਿ ਜੰਮੂਤਵੀ ਦੇ ਸੀ. ਐੱਮ. ਆਈ. ਨੂੰ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ।
ਜੋ ਨਿਯਮਾਂ ਨਾਲ ਕਰੇਗਾ ਖਿਲਵਾੜ ਉਸ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ
ਇਸ ਸਬੰਧ ਵਿਚ ਸੀਨੀਅਰ ਡੀ. ਸੀ.  ਐੱਮ. ਹਰੀ ਮੋਹਨ ਨੇ ਦੱਸਿਆ ਕਿ ਜੋ ਰੇਲਵੇ ਕਰਮਚਾਰੀ ਨਿਯਮਾਂ ਨਾਲ ਖਿਲਵਾੜ ਕਰਨਗੇ, ਉਨ੍ਹਾਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਹਰੀ ਮੋਹਨ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਰੇਲਵੇ ਬੜੌਦਾ ਹਾਊਸ ਦੇ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਜਾ ਚੁੱਕਾ ਹੈ।


Related News