ਨਸ਼ਾ ਸਮੱਗਲਿੰਗ ’ਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਕੈਪਟਨ

01/31/2020 10:58:28 PM

ਚੰਡੀਗਡ਼੍ਹ, (ਰਮਨਜੀਤ)– ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਇਕ ਵੱਡੇ ਅਪ੍ਰੇਸ਼ਨ ਦੌਰਾਨ ਅੰਮ੍ਰਿਤਸਰ ’ਚ ਕੀਤੀ ਗਈ ਨਸ਼ੇ ਦੀ ਵੱਡੀ ਬਰਾਮਦਗੀ ’ਚ ਰਾਜਨੀਤਕ ਲੋਕਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਹੀ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ। ਕੈਪਟਨ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਹੋਈ ਜਾਂਚ ’ਚ ਪਿਛਲੀ ਅਕਾਲੀ ਸਰਕਾਰ ਵੱਲੋਂ ਪੰਜਾਬ ਦੇ ਸਟਾਫ ਸਿਲੈਕਸ਼ਨ ਬੋਰਡ ’ਚ ਮੈਂਬਰ ਬਣਾਏ ਗਏ ਇਕ ਅਕਾਲੀ ਨੇਤਾ ਦੀ ਭੂਮਿਕਾ ਸਾਹਮਣੇ ਆਈ ਹੈ ਪਰ ਇਸ ਗੱਲ ਤੋਂ ਵੀ ਮਨ੍ਹਾ ਨਹੀਂ ਕੀਤਾ ਜਾ ਸਕਦਾ ਕਿ ਇਸ ਕੇਸ ’ਚ ਹੋਰ ਵੀ ਨਾਮ ਸ਼ਾਮਿਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਇਹ ਯਕੀਨ ਦਿਵਾਉਂਦਾ ਹਾਂ ਕਿ ਜਾਂਚ ਦੌਰਾਨ ਜਿਸ ਕਿਸੇ ਦਾ ਵੀ ਨਾਮ ਸਾਹਮਣੇ ਆਵੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ ਕਿਉਂਕਿ ਇਹ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁਡ਼ਿਆ ਮਾਮਲਾ ਹੈ। ਕੈਬਿਨਟ ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੀ ਸ਼ਲਾਘਾ ਕੀਤੀ ਗਈ।

ਅੰਮ੍ਰਿਤਸਰ ’ਚ ਸ਼ੁੱਕਰਵਾਰ ਨੂੰ ਫਡ਼ੀ ਗਈ ਨਸ਼ੇ ਦੀ ਖੇਪ ਸੰਬੰਧੀ ਗੱਲ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਾ ਸਮੱਗਲਰਾਂ, ਨਾਰਕੋ ਗੈਂਗਸਟਰਾਂ ਅਤੇ ਨਾਰਕੋ-ਅੱਤਵਾਦੀਆਂ ਨੂੰ ਰਾਜ ’ਚ ਆਪਣੇ ਖੰਭ ਫੈਲਾਉਣ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪੁਲਸ ਦੀਆਂ ਕੋਸ਼ਿਸ਼ਾਂ ਸਦਕਾ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਮੌਤਾਂ ਦੀ ਗਿਣਤੀ ’ਚ ਭਾਰੀ ਗਿਰਾਵਟ ਵੇਖੀ ਗਈ ਹੈ, ਜੋ ਕਿ 2018 ’ਚ 114 ਦੇ ਅੰਕਡ਼ੇ ਤੋਂ 2019 ’ਚ 47 ਤੱਕ ਆ ਗਿਆ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ੇ ਖਿਲਾਫ ਲਡ਼ਾਈ ਨੂੰ ਤੱਦ ਤੱਕ ਜਾਰੀ ਰੱਖੇਗੀ ਜਦੋਂ ਤੱਕ ਕਿ ਸਮੱਸਿਆ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋ ਜਾਂਦੀ। ਨਸ਼ੇ ਦੀ ਇੰਨੀ ਵੱਡੀ ਬਰਾਮਦਗੀ ਅਤੇ ਗ੍ਰਿਫਤਾਰੀਆਂ ’ਤੇ ਪੁਲਸ ਨੂੰ ਵਧਾਈ ਦਿੰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਸ ਡਰੱਗ ਨੈੱਟਵਰਕ ਨੂੰ ਦੇਸ਼ ਦੇ ਸਭ ਤੋਂ ਵੱਡੇ ਡਰੱਗ ਮਾਫੀਆਵਾਂ ’ਚੋਂ ਇਕ ਸਿਮਰਨਜੀਤ ਸਿੰਘ ਸੰਧੂ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ, ਜਿਸ ਨੂੰ ਕਿ ਫਿਲਹਾਲ ਇੰਟਰਪੋਲ ਦੇ ਜ਼ਰੀਏ ਇਟਲੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।


Bharat Thapa

Content Editor

Related News