ਖੁੰਖਾਰੂ ਕੁੱਤਿਆਂ ਨੇ ਨੀਲ ਗਾਂ ਦੇ ਬੱਚੇ ਨੂੰ ਨੋਚਿਆ, ਇਲਾਜ ਨਾ ਹੋਣ ਕਾਰਨ ਹੋਈ ਮੌਤ

09/18/2019 1:45:49 PM

ਫਾਜ਼ਿਲਕਾ (ਨਾਗਪਾਲ) - ਅਬੋਹਰ ਦੇ ਇਲਾਕੇ ਦੀ ਓਪਨ ਸੈਂਚੂਰੀ 'ਚ ਖੁੰਖਾਰੂ ਕੁੱਤਿਆਂ ਵਲੋਂ ਨੀਲ ਗਾਂ ਦੇ ਬੱਚੇ ਨੂੰ ਨੋਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ 'ਤੇ ਮੌਕੇ 'ਤੇ ਪਹੁੰਚੇ ਸੰਬਧਿਤ ਵਿਭਾਗ ਦੇ ਕਰਮਚਾਰੀਆਂ ਨੇ ਨੀਲ ਗਾਂ ਦੇ ਬੱਚੇ ਦਾ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਪਿੰਡ 'ਚ ਬਣੀ ਚੈੱਕ ਪੋਸਟ ਦੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਆਪ ਉਸ ਥਾਂ ਤੋਂ ਚਲੇ ਗਏ। ਬੂਰੀ ਤਰ੍ਹਾਂ ਨਾਲ ਜ਼ਖਮੀ ਹੋਣ ਕਾਰਨ ਜਾਨਵਰ ਸਾਰੀ ਰਾਤ ਤੜਫਦਾ ਰਿਹਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਦੇ ਸੂਬਾ ਪ੍ਰਧਾਨ ਆਰ. ਡੀ. ਬਿਸ਼ਨੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਬਿਸ਼ਨਪੁਰਾ 'ਚ ਕੁਝ ਕੁੱਤਿਆਂ ਨੇ ਇਕ ਨੀਲ ਗਊ ਦੇ ਬੱਚੇ ਨੂੰ ਵੱਢ ਕੇ ਫੱਟੜ ਕਰ ਦਿੱਤਾ ਸੀ, ਜਿਸ ਦਾ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਅੱਜ ਲੋਕਾਂ ਨੂੰ ਇਸ ਦਾ ਪਤਾ ਲਗਣ 'ਤੇ ਬਿਸ਼ਨੋਈ ਸਮਾਜ ਦੇ ਲੋਕਾਂ 'ਚ ਰੋਸ ਫੈਲ ਗਿਆ।

ਆਰ. ਡੀ. ਬਿਸ਼ਨੋਈ ਵਲੋਂ ਸੂਚਨਾ ਮਿਲਣ 'ਤੇ ਬਿਸ਼ਨੋਈ ਸਮਾਜ ਦੇ ਬਿਸ਼ਨ ਖੈਰਪੁਰਾ, ਨਰੇਸ਼ ਡੇਲੂ ਰੋਬਿਨ ਅਤੇ ਹੋਰ ਮੈਂਬਰ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜੀਵ ਰੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਸਾਫ ਲਾਪ੍ਰਵਾਹੀ ਹੈ। ਜੇਕਰ ਸਮੇਂ 'ਤੇ ਨੀਲ ਗਊ ਦੇ ਬੱਚੇ ਨੂੰ ਇਲਾਜ ਮਿਲਦਾ ਤਾਂ ਸ਼ਾਇਦ ਉਹ ਬਚ ਜਾਂਦਾ। ਦੂਜੇ ਪਾਸੇ ਵਿਭਾਗੀ ਅਧਿਕਾਰੀਆਂ ਨੂੰ ਮਿਲਦੇ ਹੀ ਜੀਵ ਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਰੇਂਜ ਅਫਸਰ ਮਲਕੀਤ ਸਿੰਘ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਮ੍ਰਿਤਕ ਬੱਚੇ ਲਈ ਟੀਮ ਗਠਿਤ ਕੀਤੀ, ਜਿਸ ਤੋਂ ਬਾਅਦ ਡਾ. ਅਮਿਤ ਨੈਨ, ਡਾ. ਮਾਨਵ ਨੇ ਉਕਤ ਨੀਲ ਗਊ ਦੇ ਬੱਚੇ ਦਾ ਪੋਸਟਮਾਰਟਮ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਨੂੰ ਰੀਤੀ-ਰਿਵਾਜਾਂ ਸਮੇਤ ਦਫਨਾ ਦਿੱਤਾ ਗਿਆ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਪੋਸਟਮਾਰਟਮ ਰਿਪੋਰਟ 'ਚ ਲਾਪ੍ਰਵਾਹੀ ਦੀ ਗੱਲ ਸਾਹਮਣੇ ਆਈ ਤਾਂ ਕਰਮਚਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਧਰ ਆਰ. ਡੀ. ਬਿਸ਼ਨੋਈ ਨੇ ਕਿਹਾ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਰੀ ਕੁੱਤਿਆਂ ਅਤੇ ਕੋਬਰਾ ਤਾਰਾਂ ਹਟਵਾਉਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ, ਜੇਕਰ ਜਲਦ ਇਨ੍ਹਾਂ ਦਾ ਹੱਲ ਨਾ ਹੋਇਆ ਤਾਂ ਮਜਬੂਰਨ ਉਹ ਸੀਤੋ ਬਾਈਪਾਸ ਜਾਮ ਕਰਨਗੇ। ਜੀਵ ਰੱਖਿਆ ਵਿਭਾਗ ਦੇ ਅਧਿਕਾਰੀ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ 'ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਕਿਸੇ ਕਰਮਚਾਰੀ ਨੇ ਨਹੀਂ ਵਰਤੀ ਕਿਉਂਕਿ ਇਹ ਨੀਲ ਗਊ ਦਾ ਬੱਚਾ ਪਿਛਲੇ 4 ਦਿਨਾਂ ਤੋਂ ਫੱਟੜ ਸੀ ਅਤੇ ਜਿਸ ਦੇ ਸਰੀਰ 'ਚ ਕੀੜੇ ਪੈ ਚੁੱਕੇ ਸੀ ਫਿਰ ਵੀ ਵਿਭਾਗ ਦੇ ਕਰਮਚਾਰੀ ਉਸ ਨੂੰ ਕੱਲ ਚੁੱਕ ਲਿਆਏ ਅਤੇ ਉਸ ਦਾ ਬਣ ਦਾ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਖੇਤਰ 'ਚ ਕੁੱਤਿਆਂ ਦੀ ਸਮੱਸਿਆ ਬਾਰੇ ਵਿਭਾਗ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਇਨ੍ਹਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ।

rajwinder kaur

This news is Content Editor rajwinder kaur