ਪਟਿਆਲੇ ''ਚ ਪਤੀ ਨੇ ਬੇਰਹਿਮੀ ਨਾਲ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ, ਪੁੱਤ ਨੂੰ ਕੀਤਾ ਗੰਭੀਰ ਜ਼ਖਮੀ (ਵੀਡੀਓ)

02/21/2017 12:48:00 AM

ਪਟਿਆਲਾ (ਬਲਜਿੰਦਰ)— ਸ਼ਹਿਰ ਦੇ ਟੋਭਾ ਬਾਬਾ ਧਿਆਨ ਦੀ ਝੂਰਾਂ ਵਾਲੀ ਗਲੀ ਵਿਚ ਅੱਜ ਸਵੇਰੇ ਹਰਚਰਨ ਸਿੰਘ ਉਰਫ ਬਿੱਟੂ ਨਾਂ ਦੇ ਇੱਕ ਵਿਅਕਤੀ ਨੇ ਪੁੱਤਰ ਦੀ ਲਵ ਮੈਰਿਜ ਦੀ ਹਾਮੀ ਭਰਨ ਦੇ ਰੋਸ ਵਜੋਂ ਆਪਣੀ ਪਤਨੀ ਰੁਪਿੰਦਰ ਕੌਰ (45) ਦਾ ਸਿਰ ਵਿਚ ਭਾਰੀ ਚੀਜ਼ ਮਾਰ ਕੇ ਕਤਲ ਕਰ ਦਿੱਤਾ। ਬਚਾਅ ਲਈ ਆਏ 23 ਸਾਲਾ ਪੁੱਤਰ ਬਿਨੂ ਨੂੰ ਵੀ ਉਸ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਮਾਮਲੇ ਵਿਚ ਰੁਪਿੰਦਰ ਕੌਰ ਦੀ ਭੈਣ ਪਰਮਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ''ਤੇ ਹਰਚਰਨ ਸਿੰਘ ਉਰਫ ਬਿੱਟੂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੇਰ ਸ਼ਾਮ ਤੱਕ ਬਿਨੂ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ। 
ਘਟਨਾ ਦੀ ਸੂਚਨਾ ਮਿਲਦੇ ਹੀ ਐੈੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਐੈੱਸ. ਪੀ. ਸਿਟੀ ਡੀ. ਸੁਦਰਵਿਜਹੀ, ਡੀ. ਐੈੱਸ. ਪੀ. ਸਿਟੀ-1 ਹੰਸ ਰਾਜ ਅਤੇ ਥਾਣਾ ਡਵੀਜ਼ਨ ਨੰਬਰ 2 ਦੇ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਨੇ ਮੌਕੇ ''ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਫੋਰੈਂਸਿਕ ਵਿੰਗ ਦੇ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫਿੰਗਰ ਪ੍ਰਿੰਟ ਲਏ। ਪੁਲਸ ਨੇ ਲਾਸ਼ ਨੂੰ ਮੌਕੇ ''ਤੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਸੀ। 
ਘਟਨਾ ਸਬੰਧੀ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਹਰਚਰਨ ਸਿੰਘ ਉਰਫ ਬਿੱਟੂ ਦਾ ਪੁੱਤਰ ਬਿਨੂ ਲਵ ਮੈਰਿਜ ਕਰਨਾ ਚਾਹੁੰਦਾ ਸੀ, ਜਿਸ ਦੇ ਉਹ ਖਿਲਾਫ ਸੀ। ਉਸ ਦੀ ਪਤਨੀ ਰੁਪਿੰਦਰ ਕੌਰ ਪੁੱਤਰ ਦੀ ਲਵ ਮੈਰਿਜ ਦੇ ਹੱਕ ਵਿਚ ਸੀ। ਇਸ ਗੱਲ ਨੂੰ ਲੈ ਕੇ ਰੋਜ਼ਾਨਾ ਕਲੇਸ਼ ਰਹਿੰਦਾ ਸੀ। ਅੱਜ ਸਵੇਰੇ ਵੀ ਝਗੜਾ ਹੋਇਆ। ਇਸ ਦੌਰਾਨ ਹਰਚਰਨ ਸਿੰਘ ਨੇ ਭਾਰੀ ਚੀਜ਼ ਮਾਰ ਕੇ ਰੁਪਿੰਦਰ ਕੌਰ ਦਾ ਕਤਲ ਕਰ ਦਿੱਤਾ। ਮਾਂ ਦਾ ਬਚਾਅ ਕਰਨ ਲਈ ਆਏ ਬਿਨੂ ''ਤੇ ਵੀ ਹਰਚਰਨ ਸਿੰਘ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸ ਨੂੰ ਗੁਆਂਢੀਆਂ ਨੇ ਚੁੱਕ ਕੇ ਹਸਪਤਾਲ ਵਿਚ ਭਰਤੀ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰਚਰਨ ਸਿੰਘ ਇੱਕ ਪ੍ਰਾਈਵੇਟ ਕੰਪਨੀ ਵਿਚ ਡਰਾਈਵਰ ਅਤੇ ਬਿਨੂ ਮੋਬਾਇਲਾਂ ਦੀ ਦੁਕਾਨ ''ਤੇ ਕੰਮ ਕਰਦਾ ਹੈ। ਪੁਲਸ ਨੇ ਮ੍ਰਿਤਕਾ ਰੁਪਿੰਦਰ ਕੌਰ ਦੀ ਭੈਣ ਪਰਮਜੀਤ ਕੌਰ ਦੇ ਬਿਆਨਾਂ ''ਤੇ ਹਰਚਰਨ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ।

Babita Marhas

This news is News Editor Babita Marhas