ਪਤਨੀ ਨੂੰ ਸ਼ਰੇਆਮ ਵਾਲਾਂ ਤੋਂ ਫੜ ਕੇ ਗਲੀ ’ਚ ਘੜੀਸਣ ਵਾਲੇ ਪਤੀ ਤੇ ਪਰਿਵਾਰ ’ਤੇ ਵੱਡੀ ਕਾਰਵਾਈ

09/29/2023 5:52:43 PM

ਗੁਰਦਾਸਪੁਰ (ਹਰਮਨ) : ਥਾਣਾ ਭੈਣੀ ਮੀਆਂ ਖਾਂ ਅਧੀਨ ਪਿੰਡ ਛੌੜੀਆਂ ਬੇਟ ਵਿਖੇ ਇਕ ਔਰਤ ਦੀ ਵਿਅਕਤੀ ਵੱਲੋਂ ਕੁੱਟਮਾਰ ਕਰਨ ਅਤੇ ਵਾਲਾਂ ਤੋਂ ਫੜ ਕੇ ਗਲੀ ’ਚ ਘੜੀਸਣ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿਚ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ ਪਰਚਾ ਦਰਜ ਕੀਤਾ ਹੈ। ਇਹ ਵਿਅਕਤੀ ਉਕਤ ਔਰਤ ਦਾ ਪਤੀ ਹੈ, ਜਿਸ ਦੇ ਨਾਲ ਹੀ ਔਰਤ ਦੀ ਸੱਸ ਤੇ ਨਨਾਣ ਵੀ ਪਰਚੇ ਵਿਚ ਨਾਮਜ਼ਦ ਕੀਤੀਆਂ ਗਈਆਂ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੀਨੂੰ ਪੁੱਤਰੀ ਤਰਸੇਮ ਪਾਲ ਵਾਸੀ ਛੋੜੀਆਂ ਬੇਟ ਮੌਜੂਦਾ ਪਿੰਡ ਸੰਗਰ ਨੇ ਦੱਸਿਆ ਕਿ 25 ਸਤੰਬਰ ਨੂੰ ਉਹ ਆਪਣੇ ਸਹੁਰੇ ਘਰ ਪਿੰਡ ਛੌੜੀਆ ਬੇਟ ਮੌਜੂਦ ਸੀ ਕਿ ਉਸ ਦੇ ਪਤੀ ਪੱਤਰਸ ਮਸੀਹ, ਨਨਾਣ ਜੋਤੀ ਬਾਲਾ, ਸੱਸ ਨਿੰਦਰ ਨੇ ਕੁੱਟਮਾਰ ਕੀਤੀ। 

ਇਸ ਕਾਰਨ ਉਹ ਡਰਦੀ ਹੋਈ ਆਪਣੀ ਮਾਸੀ ਨਿੰਦਰ ਦੇ ਘਰ ਚਲੀ ਗਈ, ਜਿੱਥੇ ਉਸ ਦਾ ਪਤੀ ਆ ਗਿਆ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਗਲੀ ’ਚ ਲੈ ਗਿਆ। ਉਪਰੰਤ ਮਹਿਲਾ ਦੀ ਮਾਸੀ ਨਿੰਦਰ ਅਤੇ ਹੋਰ ਲੋਕ ਆ ਗਏ, ਜਿੰਨਾ ਨੂੰ ਦੇਖ ਕੇ ਉਸ ਦਾ ਪਤੀ ਮੌਕੇ ਤੋਂ ਦੌੜ ਗਿਆ। ਔਰਤ ਨੇ ਆਪਣੀ ਮਾਤਾ ਨੂੰ ਫੋਨ ਕਰ ਕੇ ਛੋੜੀਆਂ ਬੇਟ ਬੁਲਾਇਆ, ਜਿਥੇ ਉਸ ਦੀ ਮਾਤਾ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਸਿਵਲ ਹਸਪਤਾਲ ਧਾਰੀਵਾਲ ਦਾਖਲ ਕਰਵਾ ਦਿੱਤਾ। ਡਾਕਟਰ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਅਤੇ ਹੁਣ ਉਸ ਨੂੰ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਦੇ ਬਾਅਦ ਪੁਲਸ ਨੇ ਉਕਤ ਪਤੀ, ਸੱਸ ਤੇ ਨਨਾਣ ਖ਼ਿਲਾਫ ਪਰਚਾ ਦਰਜ ਕੀਤਾ ਹੈ।

Gurminder Singh

This news is Content Editor Gurminder Singh