ਖੌਫ਼ਨਾਕ ਅੰਜਾਮ ਤੱਕ ਪਹੁੰਚੇ ਪਤਨੀ ਦੇ ਨਾਜਾਇਜ਼ ਸੰਬੰਧ, ਆਸ਼ਕ ਨਾਲ ਮਿਲ ਖੇਡੀ ਖ਼ੂਨੀ ਖੇਡ

04/11/2022 5:59:56 PM

ਭਿੱਖੀਵਿੰਡ/ਖਾਲੜਾ (ਭਾਟੀਆ) : ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਤਤਲੇ ਵਿਖੇ ਇਕ ਔਰਤ ਵਲੋਂ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰੀਲੀ ਦਵਾਈ ਦੇ ਕੇ ਉਸਦਾ ਕਤਲ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ‘ਜਗਬਾਣੀ’ ਨਾਲ ਗੱਲਬਾਤ ਕਰਦਿਆਂ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਜਸਵੰਤ ਸਿੰਘ ਭੱਟੀ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤੱਤਲੇ ਨੇ ਪੁਲਸ ਨੂੰ ਦਿੱਤੇ  ਬਿਆਨਾਂ ਵਿਚ ਦੱਸਿਆ ਕਿ ਉਹ ਛੇ ਭਰਾ ਹਨ ਅਤੇ ਮੇਰਾ ਛੋਟਾ ਭਰਾ ਹੀਰਾ ਸਿੰਘ ਪਿੰਡ ਘਰਿਆਲਾ ਵਿਖੇ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਰਣਦੀਪ ਕੌਰ ਉਰਫ ਰਾਣੀ ਦੇ ਅੰਗਰੇਜ਼ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਬੱਲ ਨੇੜੇ ਮਖੂ ਜ਼ਿਲ੍ਹਾ ਫਿਰੋਜ਼ਪੁਰ ਨਾਲ ਨਾਜਾਇਜ਼ ਸੰਬੰਧ ਸਨ। ਜਿਸ ਦੇ ਨਾਜਾਇਜ਼ ਸਬੰਧਾਂ ਤੋਂ ਮੇਰਾ ਭਰਾ ਹੀਰਾ ਸਿੰਘ ਨਫ਼ਰਤ ਕਰਦਾ ਸੀ, ਉਹ ਉਸ ਨੂੰ ਵਾਰ-ਵਾਰ ਸਮਝਾਉਂਦਾ ਸੀ। ਉਸ ਨੇ ਕਿਹਾ ਕਿ ਮੇਰੇ ਭਰਾ ਦੇ ਵਰਜ਼ਨ ਦੇ ਬਾਵਜੂਦ 9 ਅਪ੍ਰੈਲ ਨੂੰ ਫਿਰ ਅੰਗਰੇਜ਼ ਸਿੰਘ ਮੇਰੇ ਭਰਾ ਦੇ ਘਰ ਆਇਆ ਸੀ । ਮੇਰੀ ਭਾਬੀ ਰਣਦੀਪ ਕੌਰ ਨੇ ਤੜਕਸਾਰ ਸਵੇਰੇ ਚਾਰ ਵਜੇ ਦੇ ਕਰੀਬ ਮੈਨੂੰ ਫੋਨ ਕੀਤਾ ਕਿ ਹੀਰਾ ਸਿੰਘ ਦੀ ਤਬੀਅਤ ਠੀਕ ਨਹੀਂ ਹੈ ਤੁਸੀਂ ਆ ਜਾਓ ਜਦੋਂ ਮੈਂ ਘਰ ਆਇਆ ਤਾਂ ਮੇਰਾ ਭਰਾ ਅੰਦਰ ਮੰਜੇ ’ਤੇ ਪਿਆ ਸੀ।

ਇਹ ਵੀ ਪੜ੍ਹੋ : ਪਰਿਵਾਰ ’ਚ ਮਚਿਆ ਕੋਹਰਾਮ, ਘਰੋਂ ਲਾਪਤਾ ਹੋਏ ਬੱਚੇ ਦੀ ਇਸ ਹਾਲਤ ’ਚ ਲਾਸ਼ ਦੇਖ ਉੱਡੇ ਹੋਸ਼

ਇਸ ਦੌਰਾਨ ਜਦੋਂ ਮੈਂ ਆਪਣੇ ਭਰਾ ਨੂੰ ਜਦੋਂ ਪੁੱਛਿਆ ਤਾਂ ਉਸਨੇ ਮੈਨੂੰ ਦੱਸਿਆ ਕਿ ਮੇਰੀ ਘਰਵਾਲੀ ਰਣਦੀਪ ਕੌਰ ਅਤੇ ਉਸਦੇ ਦੋਸਤ ਅੰਗਰੇਜ਼ ਸਿੰਘ ਨੇ ਮੈਨੂੰ ਸਲਫਾਸ ਜ਼ਹਿਰ ਦੇ ਦਿੱਤਾ ਹੈ ।  ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਭਰਾ ਨੂੰ ਇਲਾਜ ਲਈ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਲੈ ਗਏ ਪਰ ਉੱਥੇ ਡਾਕਟਰਾਂ ਵੱਲੋਂ ਹੀਰਾ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਜਸਵੰਤ ਸਿੰਘ ਭੱਟੀ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਹੀਰਾ ਸਿੰਘ ਦੀ ਪਤਨੀ ਰਣਦੀਪ ਕੌਰ ਅਤੇ ਉਸ ਦੇ ਆਸ਼ਕ ਅੰਗਰੇਜ਼ ਸਿੰਘ ਖ਼ਿਲਾਫ਼ ਧਾਰਾ 302, 34 ਆਈ. ਪੀ. ਸੀ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ । ਥਾਣਾ ਮੁਖੀ ਜਸਵੰਤ ਸਿੰਘ ਭੱਟੀ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅੱਜ ਦੋਹਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ।

ਇਹ ਵੀ ਪੜ੍ਹੋ : ‘ਮੈਂ ਗੱਗੀ ਗਰੁੱਪ ਦਾ ਗੈਂਗਸਟਰ ਬੋਲ ਰਿਹਾ, ਮੈਨੂੰ 20 ਲੱਖ ਦੇ, ਨਹੀਂ ਤਾਂ ਤੇਰੇ ਪੁੱਤ ਨੂੰ ਗੋਲੀ ਮਾਰ ਦੇਵਾਂਗੇ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News