ਲੋਕਾਂ ਦੇ ਚਲਾਨ ਕੱਟਣ ਵਾਲਿਆਂ ਦੇ ਕਿਉਂ ਨਹੀਂ ਹੁੰਦੇ ਚਲਾਨ

01/19/2018 7:34:34 AM

ਅੰਮ੍ਰਿਤਸਰ,   (ਵੜੈਚ)-  ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਲਾਪ੍ਰਵਾਹੀਆਂ ਕਾਰਨ ਨਿਗਮ ਦੇ ਵਿਭਾਗ ਅਕਸਰ ਚਰਚਾ 'ਚ ਰਹਿੰਦੇ ਹਨ। ਨਿਗਮ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕਈ ਡਿਫਾਲਟਰਾਂ ਦੇ ਚਲਾਨ ਕੱਟੇ ਜਾਂਦੇ ਹਨ। ਸੜਕਾਂ ਦੇ ਕਿਨਾਰਿਆਂ ਤੋਂ ਹੋਰਡਿੰਗ ਅਤੇ ਫਲੈਕਸ ਬੋਰਡ ਉਤਾਰ ਕੇ ਨਿਗਮ ਵਾਹਨਾਂ ਵਿਚ ਲੱਦੇ ਜਾਂਦੇ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਨੂੰਨੀ ਤਰੀਕਿਆਂ ਨਾਲ ਹੋਰਡਿੰਗਸ ਲਾਉਣ ਵਾਲਿਆਂ ਦੇ ਬੋਰਡ ਉਤਾਰ ਕੇ ਜਿਸ ਵਾਹਨ 'ਤੇ ਰੱਖੇ ਜਾਂਦੇ ਹਨ ਉਸ ਦੀ ਆਪਣੀ ਹੀ ਕੋਈ ਨੰਬਰ ਪਲੇਟ ਨਹੀਂ ਹੈ। ਨਗਰ ਨਿਗਮ ਦੇ ਸਰਕਾਰੀ ਵਾਹਨ 'ਤੇ ਪੁਲਸ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ। ਇਸ ਵਾਹਨ ਦਾ ਚਲਾਨ ਕਿਉਂ ਨਹੀਂ ਕੱਟਿਆ ਜਾ ਰਿਹਾ।
ਦੂਜੇ ਪਾਸੇ ਚਲਾਨ ਕੱਟ ਕੇ ਵਾਹਨ ਨੂੰ ਚੱਲਣ ਤੋਂ ਰੋਕ ਵੀ ਦਿੱਤਾ ਜਾਵੇ ਤਾਂ ਸ਼ਹਿਰ ਨਾਜਾਇਜ਼ ਹੋਰਡਿੰਗਸ ਤੇ ਫਲੈਕਸਾਂ ਨਾਲ ਭਰਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਨਿਗਮ ਦੇ ਵਿਭਾਗ ਕੋਲ ਪਹਿਲਾਂ ਹੀ ਮਸ਼ੀਨਰੀ ਦੀ ਭਾਰੀ ਕਮੀ ਹੈ। ਕਾਫੀ ਪੁਰਾਣੀ ਮਸ਼ੀਨਰੀ ਤੋਂ ਕੰਮ ਲੈਂਦਿਆਂ ਸਮਾਂ ਪਾਸ ਕੀਤਾ ਜਾ ਰਿਹਾ ਹੈ। ਉਧਰ ਸ਼ਹਿਰ 'ਚੋਂ ਹੋਰਡਿੰਗ ਉਤਾਰਨ ਵਾਲੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਗਮ ਦਫਤਰ ਦੀਆਂ ਕੰਧਾਂ 'ਤੇ ਲੱਗੇ ਹੋਰਡਿੰਗ ਬੋਰਡ ਵੀ ਨਜ਼ਰ ਨਹੀਂ ਆ ਰਹੇ। ਇਸ ਸਬੰਧੀ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਲੈਂਡ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨੂੰ ਫੋਨ ਕੀਤਾ ਪਰ ਦੋਵਾਂ ਵੱਲੋਂ ਮੋਬਾਇਲ ਨਹੀਂ ਉਠਾਇਆ ਗਿਆ।